ਸਰਸਵਤੀ ਸਕੂਲ ’ਚ ਵਿਦਿਆਰਥਣਾਂ ਨੇ ਝੂਟੀਆਂ ਪੀਂਘਾਂ
ਇਥੋਂ ਦੇ ਸਰਸਵਤੀ ਇੰਟਰ ਨੈਸ਼ਨਲ ਪਬਲਿਕ ਸਕੂਲ ਇਕੋਲਾਹਾ ਵਿੱਚ ਪੰਜਾਬ ਦੀ ਰਵਾਇਤੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਦਿਆਂ ਤੀਆਂ ਦਾ ਤਿਉਹਾਰ ਮਨਾਇਆ। ਜਿਸ ਵਿਚ ਬੱਚਿਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਪ੍ਰਿੰਸੀਪਲ ਨਿਸ਼ਾ ਸ਼ਰਮਾ ਨੇ ਵਿਦਿਆਰਥੀਆਂ ਤੀਆਂ ਦੇ ਤਿਉਹਾਰ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਮਹਿਲਾ ਸੰਸਕ੍ਰਿਤੀ ਅਤੇ ਰਿਸ਼ਤਿਆਂ ਦੀ ਮਿਟਾਸ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਲ ਵਿਚ ਸਾਉਣ ਮਹੀਨੇ ਦੌਰਾਨ ਮਨਾਇਆ ਜਾਂਦਾ ਹੈ ਜਿਸ ਵਿਚ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆ ਕੇ ਪੀਘਾਂ ਝੂਟਦੀਆਂ, ਗਿੱਧੇ ਪਾਉਂਦੀਆਂ ਆਨੰਦ ਮਾਣਦੀਆਂ ਹੋਈਆਂ ਆਪਣੀਆਂ ਬਚਪਨ ਦੀਆਂ ਸਹੇਲੀਆਂ ਨੂੰ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਾਡੀਆਂ ਮੁਟਿਆਰਾਂ ਨੂੰ ਜਿੱਥੇ ਆਪਣੇ ਮੂਲ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਨ ਵਿਚ ਸਹਾਈ ਹੁੰਦੇ ਹਨ ਉੱਥੇ ਹੀ ਮਹਿਲਾ ਸ਼ਕਤੀ ਤੇ ਸਮਾਜਿਕ ਸਾਂਝ ਦਾ ਪ੍ਰਤੀਕ ਵੀ ਹੈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਿੱਧੇ, ਭੰਗੜੇ, ਲੋਕ ਗੀਤ ਅਤੇ ਸੋਲੋ ਡਾਂਸ ਦੀਆਂ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਰਹੀਆਂ।