ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਸਟੂਡੈਂਟਸ ਐਸੋਸੀਏਸ਼ਨ ਕਾਇਮ
ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿੱਚ ਨਵੇਂ ਵਿੱਦਿਅਕ ਵਰ੍ਹੇ 2025-26 ਦੀ ਪਹਿਲੀ ਅਸੈਂਬਲੀ ਮੌਕੇ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਕਾਇਮ ਕੀਤੀ ਗਈ। ਅਸੈਂਬਲੀ ਦੀ ਸ਼ੁਰੂਆਤ ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਨਾਲ ਹੋਈ। ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸੀਐੱਸਏ ਇੰਚਾਰਜ ਪ੍ਰੋ. ਤਜਿੰਦਰ ਕੌਰ ਅਤੇ ਪ੍ਰੋ. ਆਰਤੀ ਕਪੂਰ ਅਤੇ ਅਸੈਂਬਲੀ ਇੰਚਾਰਜ ਡਾ. ਹਰਬਿੰਦਰ ਕੌਰ, ਪ੍ਰੋ. ਮਨਦੀਪ ਕੌਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਮੌਕੇ ਕਾਲਜ ਦੇ ਸਾਰੇ ਸਟਾਫ਼ ਮੈਂਬਰਾਂ ਦੀ ਵਿਦਿਆਰਥਣਾਂ ਨਾਲ ਜਾਣ ਪਛਾਣ ਕਰਵਾਈ ਗਈ ਤੇ ਨਾਲ ਹੀ ਕਾਲਜ ਦੀ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ।
ਇਸ ਮੌਕੇ ਬੀਏ ਭਾਗ ਤੀਜਾ ਦੀ ਦਿਲਵੀਨ ਕੌਰ ਮੱਕੜ ਨੂੰ ਕਾਲਜ ਦੀ ਹੈੱਡ ਗਰਲ, ਬੀਕੌਮ ਭਾਗ ਤੀਜਾ ਦੀ ਖੇਮਿਕਾ ਸ਼ਰਮਾ ਨੂੰ ਡਿਪਟੀ ਹੈੱਡ ਗਰਲ ਐਲਾਨਿਆ ਗਿਆ। ਪ੍ਰਿੰਸੀਪਲ ਨੇ ਕਾਲਜ ’ਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਸਾਰੀ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੇ ਵਾਂਗ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਕਾਲਜ ਉਨਤੀ ਦੇ ਸਿਖਰਾਂ ਨੂੰ ਛੂਹੇ, ਤੁਸੀਂ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਕਾਲਜ ਅਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੋ। ਇਸ ਦੇ ਨਾਲ ਹੀ ਸੀਐੱਸਏ ਇੰਚਾਰਜ ਪ੍ਰੋ: ਤਜਿੰਦਰ ਕੌਰ ਅਤੇ ਪ੍ਰੋ . ਆਰਤੀ ਕਪੂਰ ਨੂੰ ਵਧੀਆ ਟੀਮ ਤਿਆਰ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਵਿਦਿਆਰਥਣਾਂ ਨੂੰ ਸਕਾਰਾਤਮਕ ਸੋਚ ਰੱਖਦੇ ਹੋਏ ਜੀਵਨ ਵਿਚ ਅੱਗੇ ਵਧਣ ਦਾ ਸੰਦੇਸ਼ ਦਿੱਤਾ।