ਹੜਤਾਲ: ਮੀਂਹ ਕਾਰਨ ਖੇਤੀਬਾੜੀ ਵਿਦਿਆਰਥੀਆਂ ਨੂੰ ਮਿਲਣ ਨਹੀਂ ਪਹੁੰਚੇ ਸੁਖਬੀਰ
ਖੇਤੀਬਾੜੀ ਵਿਦਿਆਰਥੀ ਐਸ਼ੋਸੀਏਸ਼ਨ ਪੰਜਾਬ ਵੱਲੋਂ ਖੇਤੀਬਾੜੀ ’ਵਰਸਿਟੀ ਵਿੱਚ ਚੱਲ ਰਿਹਾ ਰੋਸ ਧਰਨਾ ਅੱਜ ਮੀਂਹ ਦੇ ਬਾਵਜੂਦ 14ਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਦੇ ਸਮਰਥਨ ਲਈ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਉਣ ਦਾ ਪ੍ਰੋਗਰਾਮ ਮੀਂਹ ਜਿਆਦਾ ਹੋਣ ਕਰਕੇ ਰੱਦ ਹੋ ਗਿਆ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਮੀਂਹ ਕਾਰਨ ਧਰਨੇ ਦਾ ਨੁਕਸਾਨ ਹੋਇਆ ਹੈ ਪਰ ਵਿਦਿਆਰਥੀਆਂ ਦੇ ਹੌਂਸਲੇ ਪਹਿਲਾਂ ਦੀ ਤਰ੍ਹਾਂ ਬੁਲੰਦ ਹਨ। ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਦਿੱਤਾ ਜਾ ਰਿਹਾ ਧਰਨਾ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ ਭਾਵੇਂ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਧਰਨੇ ਦੀ ਹਮਾਇਤ ਕਰਨ ਲਈ ਆਉਣਾ ਸੀ ਪਰ ਮੀਂਹ ਜਿਆਦਾ ਹੋਣ ਕਰਕੇ ਉਨ੍ਹਾਂ ਦਾ ਦੌਰਾ ਰੱਦ ਹੋ ਗਿਆ ਅਤੇ ਆਉਂਦੇ ਦਿਨਾਂ ਵਿੱਚ ਦੁਬਾਰਾ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਰੋਸ ਪ੍ਰਗਟਾਇਆ ਕਿ ਪਿਛਲੇ 14 ਦਿਨਾਂ ਦੇ ਧਰਨੇ ਦੌਰਾਨ ਕੋਈ ਵੀ ਸਰਕਾਰ ਦਾ ਨੁਮਾਇੰਦਾ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਖੇਤੀ ਸੰਕਟ ਦੇ ਹੱਲ ਲਈ ਨਵੀਆਂ ਅਸਾਮੀਆਂ ਸਿਰਜਣ ਦੀ ਲੋੜ ਅਤੇ ਖਾਲੀ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਧਰਨੇ ’ਤੇ ਬੈਠੇ ਵਿਦਿਆਰਥੀ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਮੁੱਖ ਮੰਤਰੀ ਨਾਲ ਮੀਟਿੰਗ ਹੋਵੇ ਅਤੇ ਖਾਲੀ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਹੋਵੇ।