ਹੜਤਾਲ: ਵਿੱਤ ਸਕੱਤਰ ਨਾਲ ਮੀਟਿੰਗ ਮਗਰੋਂ ਹੱਲ ਦੀ ਉਮੀਦ
ਵੈਟਰਨਰੀ ’ਵਰਸਿਟੀ ’ਚ ਖੁਲ੍ਹੀ ਰਹੀ ਓ ਪੀ ਡੀ
Advertisement
ਲੁਧਿਆਣਾ ਵੈਟਰਨਰੀ ਯੂਨੀਵਰਸਿਟੀ ਦੀ ਵੈਟਰਨਰੀ ਵਿਦਿਆਰਥੀ ਯੂਨੀਅਨ ਵੱਲੋਂ ਚਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਸੋਮਵਾਰ ਨੂੰ 12ਵੇਂ ਦਿਨ ਜਾਰੀ ਰਹੀ। ਅੱਜ ਵੀ ਇੰਟਰਨ ਡਾਕਟਰਾਂ ਵੱਲੋਂ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਵਿਖੇ ਸ਼ਾਂਤੀਪੂਰਨ ਢੰਗ ਨਾਲ ਰੋਸ ਜਾਰੀ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਵੱਖ ਵੱਖ ਨਾਅਰੇ ਲਿਖੀਆਂ ਤਖਤੀਆਂ ਅਤੇ ਬੈਨਰ ਵੀ ਫੜੇ ਹੋਏ ਸਨ। ਅੱਜ ਓਪੀਡੀ ਸੇਵਾਵਾਂ ਬੰਦ ਨਹੀਂ ਕੀਤੀਆਂ ਗਈਆਂ, ਜਦਕਿ ਯੂਨੀਅਨ ਵੱਲੋਂ ਮਰੀਜ਼ਾਂ ਦੀ ਸੰਭਾਲ ਨੂੰ ਪ੍ਰਭਾਵਿਤ ਕੀਤੇ ਬਿਨਾਂ ਆਪਣਾ ਅੰਦੋਲਨ ਜਾਰੀ ਰੱਖਿਆ ਗਿਆ। ਯੂਨੀਅਨ ਦੇ ਪ੍ਰਤੀਨਿਧੀਆਂ ਨੇ ਵਿੱਤ ਸਕੱਤਰ ਅਲੋਕ ਸ਼ੇਖਰ ਨਾਲ ਮੁਲਾਕਾਤ ਕੀਤੀ ਅਤੇ ਭੱਤਾ 15,000 ਤੋਂ ਵਧਾ ਕੇ 24,310 ਕਰਨ ਦੀ ਮੰਗ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ, ਮੰਗ ਨੂੰ ਸਹੀ ਮੰਨਿਆ ਅਤੇ ਜਲਦੀ ਹੱਲ ਲਈ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ।ਯੂਨੀਅਨ ਨੇ ਦੁਹਰਾਇਆ ਕਿ ਭੱਤੇ ਦੀ ਰਕਮ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ. ਵੱਲੋਂ ਦਿੱਤੀ ਜਾਂਦੀ ਹੈ, ਜਦੋਂ ਕਿ ਪੰਜਾਬ ਸਰਕਾਰ ਇਸ ਵਿੱਚ ਕੋਈ ਯੋਗਦਾਨ ਨਹੀਂ ਪਾਉਂਦੀ। ਯੂਨੀਅਨ ਨੇ ਕਿਹਾ ਕਿ ਜੇਕਰ ਰਾਜ ਸਰਕਾਰ ਅਤੇ ਯੂਨੀਵਰਸਿਟੀ ਫੰਡ ਇਕੱਠੇ ਨਹੀਂ ਕਰ ਸਕਦੀਆਂ, ਤਾਂ ਸੰਸਥਾ ਨੂੰ ਕੇਂਦਰ ਦੇ ਅਧੀਨ ਕੀਤਾ ਜਾਵੇ ਤਾਂ ਜੋ ਮਾਮਲਾ ਸਿੱਧੇ ਕੇਂਦਰ ਵਿੱਚ ਚੁੱਕਿਆ ਜਾ ਸਕੇ। ਯੂਨੀਅਨ ਨੇ ਉਮੀਦ ਪ੍ਰਗਟਾਈ ਕਿ ਅੱਜ ਦੀ ਮੀਟਿੰਗ ਤੋਂ ਚੰਗਾ ਨਤੀਜਾ ਨਿਕਲੇਗਾ, ਪਰ ਚਿਤਾਵਨੀ ਦਿੱਤੀ ਕਿ ਜੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਆੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
Advertisement
Advertisement