ਗਲਤ ਤਰੀਕੇ ਵਾਹਨ ਖੜਾਉਣ ਵਾਲਿਆਂ ਖ਼ਿਲਾਫ਼ ਸਖ਼ਤੀ
ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ’ਤੇ ਗਲਤ ਅਤੇ ਗੈਰ-ਕਾਨੂੰਨੀ ਤਰੀਕੇ ਦੇ ਨਾਲ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਲੁਧਿਆਣਾ ਪੁਲੀਸ ਨੇ ਅੱਜ ਤੋਂ ਵੱਡੀ ਕਾਰਵਾਈ ਵਿੱਢ ਦਿੱਤੀ ਹੈ। ਲੁਧਿਆਣਾ ਪੁਲੀਸ ਨੇ ਗਲਤ ਤਰੀਕੇ ਦੇ ਨਾਲ ਸੜਕਾਂ ’ਤੇ ਪਾਰਕਿੰਗ ਕਰਕੇ ਵਾਹਨ ਖੜ੍ਹੇ ਕਰਨ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ ਕੀਤੇ ਹਨ। ਇਸ ਦੇ ਤਹਿਤ ਪੁਲੀਸ ਨੇ ਅੱਜ ਵੱਖ-ਵੱਖ ਇਲਾਕਿਆਂ ਵਿੱਚ 500 ਦੇ ਕਰੀਬ ਵਾਹਨਾਂ ਦੇ ਚਲਾਨ ਕੱਟੇ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਗਲਤ ਤਰੀਕੇ ਦੇ ਨਾਲ ਖੜਾਏ ਵਾਹਨਾਂ ਕਾਰਨ ਆਵਾਜਾਈ ’ਚ ਵਿਘਨ ਪੈਣ ਦੇ ਨਾਲ-ਨਾਲ ਜਾਮ ਲੱਗਦੇ ਹਨ ਅਤੇ ਕਈ ਵਾਰ ਸੜਕ ਹਾਦਸੇ ਵੀ ਵਾਪਰ ਜਾਂਦੇ ਹਨ। ਲੁਧਿਆਣਾ ਪੁਲੀਸ ਵੱਲੋਂ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਟਰੈਫਿਕ ਨੂੰ ਘਟਾਉਣਾ, ਵਾਹਨਾਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਾ ਅਤੇ ਲੋਕਾਂ ਵਿੱਚ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਨਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੇ ਆਦੇਸ਼ਾਂ ’ਤੇ ਏ ਡੀ ਸੀ ਪੀ ਟਰੈਫਿਕ ਗੁਰਪ੍ਰੀਤ ਕੌਰ ਪੁਰੇਵਾਲ, ਏ ਸੀ ਪੀ ਟਰੈਫਿਕ ਵਨ ਜਤਿਨ ਬਾਂਸਲ, ਏ ਸੀ ਪੀ ਟਰੈਫਿਕ ਗੁਰਦੇਵ ਸਿੰਘ ਨਿੱਜੀ ਤੌਰ ’ਤੇ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਟਰੈਫਿਕ ਪੁਲੀਸ ਨੇ ਸ਼ਹਿਰ ਭਰ ਦੇ ਪ੍ਰਮੁੱਖ ਟਰੈਫਿਕ ਪੁਆਇੰਟਾਂ, ਬਾਜ਼ਾਰਾਂ ਅਤੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਪਾਰਕਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ ਕੀਤੇ ਹਨ। ਮੌਜੂਦਾ ਸਮੇਂ ਵਿੱਚ ਮਾਤਾਰਾਣੀ ਚੌਕ, ਘੁਮਾਰ ਮੰਡੀ, ਚੌੜਾ ਬਾਜ਼ਾਰ, ਫੀਲਡ ਗੰਜ, ਮਾਡਲ ਟਾਊਨ, ਹੈਬੋਵਾਲ ਸਣੇ ਕਈ ਇਲਾਕੇ ਸ਼ਾਮਲ ਹਨ। ਇਸ ਤੋਂ ਇਲਾਵਾ ਹਾਈਵੇਅ ’ਤੇ ਦੁਕਾਨਦਾਰਾਂ ਵੱਲੋਂ ਗਲਤ ਤਰੀਕੇ ਦੇ ਨਾਲ ਕਬਜ਼ੇ ਕਰ ਕੇ ਆਪਣੇ ਵਾਹਨ ਖੜ੍ਹੇ ਕੀਤੇ ਜਾਂਦੇ ਹਨ, ਕਈ ਲੋਕਾਂ ਨੇ ਹਾਈਵੇਅ ਅਤੇ ਹੋਰਨਾਂ ਸੜਕਾਂ ’ਤੇ ਗਲਤ ਤਰੀਕੇ ਦੇ ਨਾਲ ਆਪਣੀ ਮਨਮਰਜ਼ੀ ਕਰਦੇ ਹੋਏ ਟੈਕਸੀ ਸਟੈਂਡ ਬਣਾਏ ਹੋਏ ਹਨ। ਇਨ੍ਹਾਂ ਵਿਰੁੱਧ ਪੁਲੀਸ ਨੇ ਕਾਰਵਾਈ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਪੁਲੀਸ ਨੇ 500 ਤੋਂ ਵੱਧ ਚਲਾਨ ਜਾਰੀ ਕੀਤੇ। ਲੁਧਿਆਣਾ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਗਲਤ ਪਾਰਕਿੰਗ ਨਾ ਸਿਰਫ਼ ਬੇਲੋੜੀ ਟਰੈਫਿਕ ਦਾ ਕਾਰਨ ਬਣਦੀ ਹੈ ਬਲਕਿ ਗੰਭੀਰ ਹਾਦਸਿਆਂ ਦਾ ਕਾਰਨ ਵੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨਿਯਮ ਤੋੜਨ ਵਾਲਿਆਂ ਵਿਰੁੱਧ ਹੁਣ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲੀਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਾਹਨ ਸਿਰਫ਼ ਨਿਰਧਾਰਤ ਥਾਵਾਂ ’ਤੇ ਹੀ ਪਾਰਕ ਕਰਨ ਤੇ ਸ਼ਹਿਰ ਦੀਆਂ ਸੜਕਾਂ ਨੂੰ ਸੁਰੱਖਿਅਤ ਤੇ ਖੁੱਲ੍ਹਾ ਰੱਖਣ ਵਿੱਚ ਸਹਿਯੋਗ ਦੇਣ।
