ਏਡਜ਼ ਪ੍ਰਤੀ ਜਾਗਰੂਕਤਾ ਲਈ ਨੁੱਕੜ ਨਾਟਕ ਖੇਡਿਆ
ਇਥੋਂ ਦੇ ਸਿਵਲ ਹਸਪਤਾਲ ਵਿੱਚ ਅੱਜ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਨਿਰਦੇਸ਼ਾਂ ਅਨੁਸਾਰ ਐੱਸਐੱਮਓ ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠਾਂ ਏਡਜ਼ ਪ੍ਰਤੀ ਜਾਣਕਾਰੀ ਦੇਣ ਲਈ ਨੁੱਕੜ ਨਾਟਕ ਕਰਵਾਇਆ ਗਿਆ। ਇਸ ਮੌਕੇ ਡਾ. ਭਸੀਨ ਨੇ ਕਿਹਾ ਕਿ ਏਡਜ਼ ਵਰਗੀ ਬਿਮਾਰੀ ਤੋਂ ਬਚਾਅ ਲਈ ਸਭ ਤੋਂ ਕਾਰਗਰ ਤਰੀਕਾ ਜਾਗਰੂਕਤਾ ਹੈ ਜਿਸ ਤਹਿਤ ਵੱਖ ਵੱਖ ਵਿੱਦਿਅਕ ਅਦਾਰਿਆਂ ਵਿਚ ਨੁੱਕੜ ਨਾਟਕ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੌਰਾਨ ਸਰੀਰ ’ਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਦੀ ਹੈ, ਵਜ਼ਨ ਘੱਟ ਜਾਂਦਾ ਹੈ, ਲਗਾਤਾਰੀ ਖਾਂਸੀ, ਵਾਰ ਵਾਰ ਜ਼ੁਕਾਮ, ਬੁਖਾਰ, ਸਿਰ ਦਰਦ, ਥਕਾਵਟ, ਹੈਜ਼ਾ ਅਤੇ ਭੁੱਖ ਨਾ ਲੱਗਣੀ ਆਦਿ ਲੱਛਣ ਦਿਖਾਈ ਦੇਣ ’ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖੇ ਏਡਜ਼ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਸ਼ਿਖਾ ਸ਼ਰਮਾ ਨੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਬਿਮਾਰੀ ਪੀੜਤ ਵਿਅਕਤੀ ਨਾਲ ਭੋਜਨ ਕਰਨ, ਬਰਤਨ ਸਾਂਝੇ ਕਰਨ, ਹੱਥ ਮਿਲਾਉਣ, ਗਲੇ ਮਿਲਣ, ਇਕ ਪਖਾਨੇ ਦੀ ਵਰਤੋਂ ਕਰਨ, ਮੱਛਰ, ਪਸ਼ੂਆਂ ਦੇ ਕੱਟਣ ਅਤੇ ਖੰਘਣ ਨਾਲ ਨਹੀਂ ਫੈਲਦੀ।