ਝੱਖੜ ਤੇ ਗੜੇਮਾਰੀ ਨੇ ਫਿਕਰਾਂ ’ਚ ਪਾਏ ਕਿਸਾਨ
ਲੁਧਿਆਣਾ, 19 ਅਪਰੈਲ
ਲੁਧਿਆਣਾ ਵਿੱਚ ਬੀਤੇ ਦਿਨ ਤੋਂ ਮੌਸਮ ਵਿੱਚ ਲਗਾਤਾਰ ਬਦਲਾਅ ਆ ਰਿਹਾ ਹੈ। ਰਾਤ ਸਮੇਂ ਤੇਜ਼ ਹਨ੍ਹੇਰੀ ਤੋਂ ਬਾਅਦ ਪਏ ਗੜਿਆਂ ਨੇ ਮੌਸਮ ਠੰਢਾ ਕਰ ਦਿੱਤਾ ਹੈ। ਇਸ ਵਿਗੜੇ ਮੌਸਮ ਕਰਕੇ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਪਈ ਆਪਣੀ ਫ਼ਸਲ ਨੂੰ ਲੈ ਕੇ ਸ਼ਨਿੱਚਰਵਾਰ ਸਾਰਾ ਦਿਨ ਕਿਸਾਨ ਚਿੰਤਾ ਨਾਲ ਘਿਰੇ ਰਹੇ। ਇਸ ਸਾਲ ਮਾਰਚ ਮਹੀਨੇ ਹੀ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਸੀ। ਅਪਰੈਲ ਮਹੀਨੇ ਦੇ ਪਹਿਲੇ ਦੋ ਹਫ਼ਤੇ ਤੱਕ ਵੀ ਮੌਸਮ ਬਿਲਕੁਲ ਸਾਫ ਸੀ ਜੋ ਕਣਕ ਦੀ ਫ਼ਸਲ ਲਈ ਕਾਫੀ ਲਾਹੇਵੰਦ ਰਿਹਾ। ਮੌਸਮ ਵਧੀਆ ਰਹਿਣ ਕਰਕੇ ਖੇਤਾਂ ਵਿੱਚ ਭਰਵੀਂ ਫ਼ਸਲ ਹੋਈ ਹੈ।
ਹੁਣ ਇਹ ਫ਼ਸਲ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਗਈ ਹੈ। ਕਿਸਾਨਾਂ ਵੱਲੋਂ ਪੱਕੀ ਫ਼ਸਲ ਨੂੰ ਸਾਂਭਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼ੁੱਕਰਵਾਰ ਦੁਪਹਿਰ ਬਾਅਦ ਤੋਂ ਮੌਸਮ ਲਗਾਤਾਰ ਬਦਲ ਰਿਹਾ ਹੈ। ਸ਼ੁੱਕਰਵਾਰ ਸ਼ਾਮ ਕਿਣਮਿਣ ਤੋਂ ਬਾਅਦ ਸ਼ੁੱਕਰਵਾਰ-ਸ਼ਨਿੱਚਰਵਾਰ ਤੜਕੇ ਨਾ ਸਿਰਫ ਤੇਜ਼ ਹਨ੍ਹੇਰੀ ਆਈ ਸਗੋਂ ਨਾਲ ਗੜੇ ਵੀ ਪਏ। ਇਨ੍ਹਾਂ ਗੜਿਆਂ ਨੇ ਤਾਪਮਾਨ ਵਿੱਚ ਭਾਰੀ ਕਮੀ ਕਰ ਦਿੱਤੀ ਹੈ।
ਸ਼ਨਿੱਚਰਵਾਰ ਸਵੇਰੇ ਭਾਵੇਂ ਕੁੱਝ ਸਮਾਂ ਸੂਰਜ ਨਿਕਲਿਆ ਪਰ ਬਾਕੀ ਸਾਰਾ ਦਿਨ ਟੁੱਟਵੀਂ ਬੱਦਲਵਾਈ ਅਤੇ ਤੇਜ਼ ਹਵਾ ਚੱਲਦੀ ਰਹੀ। ਇਹ ਮੌਸਮ ਭਾਵੇਂ ਆਮ ਲੋਕਾਂ ਲਈ ਸੁਹਾਵਨਾ ਰਿਹਾ ਪਰ ਕਿਸਾਨਾਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ। ਮੰਡੀਆਂ ਵਿੱਚ ਫਸਲ ਲੈ ਕੇ ਪਹੁੰਚੇ ਕਿਸਾਨ ਸਾਫ ਮੌਸਮ ਲਈ ਅਰਦਾਸਾਂ ਕਰਦੇ ਨਜ਼ਰੀਂ ਪੈ ਰਹੇ ਹਨ। ਮੰਡੀਆਂ ਵਿੱਚ ਫਸਲ ਰੱਖਣ ਲਈ ਢੁਕਵੇਂ ਸ਼ੈੱਡ ਨਾ ਹੋਣ ਕਰਕੇ ਕਿਸਾਨਾਂ ਦੀ ਪੁੱਤਾਂ ਦੀ ਤਰ੍ਹਾਂ ਪਾਲੀ ਫਸਲ ਖੁੱਲ੍ਹੇ ਅਸਮਾਨ ਵਿੱਚ ਹੀ ਪਈ ਹੋਈ ਹੈ। ਠੰਢੇ ਅਤੇ ਨਮੀ ਵਾਲੇ ਇਸ ਮੌਸਮ ਕਰਕੇ ਜਿੱਥੇ ਵਾਢੀ ਵਿੱਚ ਦੇਰੀ ਹੋਵੇਗੀ ਉੱਥੇ ਗਿੱਲੀ ਹੋਈ ਫਸਲ ਨੂੰ ਵੇਚਣ ਵਿੱਚ ਵੀ ਮੁਸ਼ਕਲ ਪੇਸ਼ ਆ ਸਕਦੀ ਹੈ। ਜੇਕਰ ਕਿਸਾਨਾਂ ਦੀ ਮੰਨੀਏ ਤਾਂ ਹਨ੍ਹੇਰੀ ਅਤੇ ਗੜਿਆਂ ਨਾਲ ਹੇਠਾਂ ਜ਼ਮੀਨ ’ਤੇ ਵਿਛ ਗਈ ਕਣਕ ਦੇ ਦਾਣੇ ਕਾਲੇ ਹੋ ਸਕਦੇ ਹਨ ਜਿਸ ਕਰਕੇ ਨਾ ਸਿਰਫ ਭਾਅ ਘੱਟ ਹੋ ਸਕਦਾ ਹੈ ਸਗੋਂ ਝਾੜ ਵੀ ਘਟਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ।