ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਬਰਾਮਦ
ਲੁਧਿਆਣਾ ਰੇਲਵੇ ਸਟੇਸ਼ਨ ’ਤੇ ਤਿੰਨ ਦਿਨ ਪਹਿਲਾਂ ਚੋਰੀ ਹੋਇਆ ਇੱਕ ਸਾਲਾਂ ਬੱਚਾ ਰਾਜ ਸਿੰਘ ਅੱਜ ਜੀਆਰਪੀ ਦੀ ਪੁਲੀਸ ਨੇ ਬਰਾਮਦ ਕਰ ਲਿਆ ਹੈ। ਮੁਲਜ਼ਮ ਔਰਤ ਤੇ ਉਸਦਾ ਸਾਥੀ ਬੱਚੇ ਨੂੰ ਗਿਆਸਪੁਰਾ ਇਲਾਕੇ ਵਿੱਚ ਲੈ ਕੇ ਚਲੇ ਗਏ ਸਨ ਜਿਨ੍ਹਾਂ ਦੀ ਪਛਾਣ ਅਨੀਤਾ ਯਾਦਵ ਤੇ ਉਸ ਦੇ ਭਰਾ ਇੰਦਰ ਦੇਵ ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਨੀਤਾ ਯੂਪੀ ਦੇ ਬਸਤੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ, ਉਸ ਦਾ ਪਤੀ ਮੁੰਬਈ ਵਿੱਚ ਕੰਮ ਕਰਦਾ ਹੈ ਤੇ ਉਹ ਇੱਥੇ ਆਪਣੇ ਧੀ ਦੇ ਨਾਲ ਗਿਆਸੁਪਾਰ ਇਲਾਕੇ ਵਿੱਚ ਰਹਿੰਦੀ ਹੈ।
ਮੁੱਢਲੀ ਜਾਂਚ ਤੋਂ ਬਾਅਦ ਪੁਲੀਸ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਅਨੀਤਾ ਦੇ ਦੋ ਜੁੜਵਾ ਲੜਕਿਆਂ ਦੀ ਮੌਤ ਹੋ ਗਈ ਸੀ ਤੇ ਅਨੀਤਾ ਮਾਨਸਿਕ ਤੌਰ ’ਤੇ ਪ੍ਰਸ਼ਾਸਨ ਚੱਲ ਰਹੀ ਸੀ। ਇਸੇ ਤਹਿਤ ਅਨੀਤਾ ਨੇ ਪੁੱਤਰ ਦੀ ਲਾਲਸਾ ਵਿੱਚ ਇਸ ਅਪਰਾਧ ਨੂੰ ਅੰਜਾਮ ਦਿੱਤਾ। ਰੇਲਵੇ ਸਟੇਸ਼ਨ ’ਤੇ ਉਹ ਕਿਸੇ ਕੰਮ ਆਈ ਸੀ ਪਰ ਜਦੋਂ ਉਸ ਨੇ ਬੱਚੇ ਨੂੰ ਆਪਣੀ ਮਾਂ ਨਾਲ ਖੇਡਦੇ ਦੇਖਿਆ ਤਾਂ ਉਸ ਦੇ ਮਨ ਵਿੱਚ ਬੱਚੇ ਦੀ ਲਾਲਸਾ ਹੋਰ ਜਾਗ ਗਈ ਤੇ ਉਸ ਨੇ ਬੱਚਾ ਚੁੱਕਣ ਦਾ ਮਨ ਬਣਾ ਲਿਆ। ਅਨੀਤਾ ਜਲੰਧਰ ਤੋਂ ਆਈ ਸੀ ਤੇ ਉਸ ਨਾਲ ਉਸ ਦਾ ਭਰਾ ਵੀ ਸੀ। ਵਾਪਸੀ ਦੌਰਾਨ ਦੋਵੇਂ ਲੁਧਿਆਣਾ ਰੇਲਵੇ ਸਟੇਸ਼ਨ ਪੁੱਜੇ ਸਨ। ਜੀਆਰਪੀ ਦੀ ਟੀਮ ਨੂੰ ਸ਼ੱਕ ਹੈ ਕਿ ਔਰਤ ਕਿਤੇ ਬੱਚਿਆਂ ਦੀ ਤਸਕਰੀ ਵਿੱਚ ਨਾ ਲੱਗੀ ਹੋਵੇ ਜਿਸ ਕਾਰਨ ਪੁਲੀਸ ਹਾਲੇ ਜਾਂਚ ਕਰ ਰਹੀ ਹੈ। ਫਿਲਹਾਲ ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਬੱਚਾ ਬਰਾਮਦ ਕਰ ਮਾਪਿਆਂ ਹਵਾਲੇ ਕਰ ਦਿੱਤਾ ਹੈ।
ਦੱਸ ਦਈਏ ਕਿ 16 ਸਤੰਬਰ ਨੂੰ ਯੂਪੀ ਦੀ ਰਹਿਣ ਵਾਲੀ ਲਲਤੀ ਦੇਵੀ ਆਪਣੇ ਦੋ ਬੱਚਿਆਂ ਦੇ ਨਾਲ ਰੇਲਵੇ ਸਟੇਸ਼ਨ ਤੇ ਸੁੱਤੀ ਪਈ ਸੀ ਜਿਥੋਂ ਅਨੀਤਾ ਨੇ ਉਸ ਦੇ ਬੱਚੇ ਨੂੰ ਚੋਰੀ ਕੀਤਾ ਸੀ। ਇਸ ਮਗਰੋਂ 17 ਸਤੰਬਰ ਸਵੇਰੇ 3 ਵਜੇ ਤੋਂ ਜੀਆਰਪੀ ਪੁਲੀਸ ਬੱਚੇ ਦੀ ਭਾਲ ਕਰ ਰਹੀ ਸੀ, ਕਈ ਸੀਸੀਟੀਵੀ ਕੈਮਰਿਆਂ ਤੋਂ ਮਿਲੀ ਫੁਟੇਜ ਤੋਂ ਬਾਅਦ ਪੁਲੀਸ ਮੁਲਜ਼ਮਾਂ ਤੱਕ ਪੁੱਜੀ ਹੈ।