ਸ਼ਹੀਦਾਂ ਦੇ ਬੁੱਤਾਂ ਨੂੰ ਨਹੀਂ ਮਿਲ ਰਹੀ ਢੁੱਕਵੀਂ ਥਾਂ
ਹਰ ਦੇਸ਼ ਅਤੇ ਕੌਮ ਆਪਣੇ ਸ਼ਹੀਦਾਂ ਨੂੰ ਬਣਦਾ ਸਨਮਾਨ ਦਿੰਦੇ ਹਨ ਪਰ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਵਿਕਾਸ ਦੇ ਨਾਮ ’ਤੇ ਸ਼ਹੀਦਾਂ ਦੇ ਬੁੱਤਾਂ ਨੂੰ ਵੀ ਢੁੱਕਵੀਂ ਥਾਂ ਨਹੀਂ ਮਿਲ ਰਹੀ। ਚਾਰ ਕੁ ਦਹਾਕੇ ਪਹਿਲਾਂ ਪਰਮਵੀਰ ਚੱਕਰ ਪ੍ਰਾਪਤ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦਾ ਬੁੱਤ ਸਮਰਾਲਾ ਚੌਕ ਵਿੱਚ ਲੱਗਾ ਸੀ। ਪੰਜ ਸੜਕਾਂ ਵਾਲੇ ਇਸ ਚੌਕ ਦੀ ਥਾਂ ਜਦੋਂ ਟਰੈਫਿਕ ਲਾਈਟਾਂ ਲਾਈਆਂ ਗਈਆਂ ਤਾਂ ਸ਼ਹੀਦ ਨਿਰਮਲਜੀਤ ਸਿੰਘ ਦਾ ਬੁੱਤ ਅਤੇ ਜਹਾਜ਼ ਸਮਰਾਲਾ ਚੌਕ ਵਿੱਚੋਂ ਚੁੱਕ ਕੇ ਨਵੀਆਂ ਕਚਹਿਰੀਆਂ ਵਿੱਚ ਲਗਾ ਦਿੱਤਾ ਗਿਆ। ਭਾਵੇਂ ਹਰ ਸਾਲ ਇੱਥੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ਪਰ ਇਹ ਆਮ ਲੋਕਾਂ ਦੀ ਪਹੁੰਚ ਤੋਂ ਪਰ੍ਹੇ ਹੋ ਗਿਆ ਜਿਸ ਕਰਕੇ ਲੁਧਿਆਣਾ ਦੇ ਇਸ ਸ਼ਹੀਦ ਤੋਂ ਨਵੀਂ ਪੀੜ੍ਹੀ ਪੂਰੀ ਤਰ੍ਹਾਂ ਅਨਜਾਣ ਹੋ ਗਈ ਹੈ। ਇਸੇ ਤਰ੍ਹਾਂ ਭਾਰਤ ਨਗਰ ਚੌਕ ਵਿੱਚ ਵੀ ਪਹਿਲਾਂ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਉਨ੍ਹਾਂ ਵੱਲੋਂ ਪਾਕਿਸਤਾਨ ਤੋਂ ਜਿੱਤਿਆ ਟੈਂਕ ਰੱਖਿਆ ਹੋਇਆ ਸੀ। ਇਸ ਚੌਕ ਵਿੱਚ ਵੀ ਟਰੈਫਿਕ ਲਾਈਟਾਂ ਲਗਾਉਣ ਕਰਕੇ ਬੁੱਤ ਅਤੇ ਟੈਂਕ ਨੂੰ ਨੇੜੇ ਪੈਂਦੇ ਸਰਕਾਰੀ ਕਾਲਜ ਲੜਕੀਆਂ ਦੇ ਨਾਲ ਲੱਗਦੇ ਪਾਰਕ ਵਿੱਚ ਰੱਖ ਦਿੱਤਾ ਗਿਆ। ਬਾਅਦ ਵਿੱਚ ਫਲਾਈਓਵਰ ਦੇ ਪ੍ਰਾਜੈਕਟ ਕਰਕੇ ਬੁੱਤ ਅਤੇ ਟੈਂਕ ਨੂੰ ਇੱਥੋਂ ਚੁੱਕ ਕੇ ਸ਼ਹਿਰ ਦੇ ਇੱਕ ਖੂੰਜੇ ਰੋਜ਼ ਗਾਰਡਨ ਦੇ ਨੇੜੇ ਲਗਾ ਦਿੱਤਾ ਗਿਆ। ਹੁਣ ਇਨ੍ਹਾਂ ਟਰੈਫਿਕ ਲਾਈਟਾਂ ਦੀ ਥਾਂ ਭਾਵੇਂ ਦੁਬਾਰਾ ਚੌਕ ਬਣਾ ਦਿੱਤਾ ਗਿਆ ਹੈ ਪਰ ਇੱਥੇ ਸ਼ਹੀਦ ਦੇ ਬੁੱਤ ਅਤੇ ਟੈਂਕ ਨੂੰ ਦੁਬਾਰਾ ਰੱਖਣ ਦੀ ਥਾਂ ਇੱਕ ਸਾਈਕਲ ਦਾ ਮਾਡਲ ਰੱਖ ਦਿੱਤਾ ਗਿਆ ਹੈ।
ਪਬਲਿਕ ਐਕਸ਼ਨ ਕਮੇਟੀਦੇ ਨੁਮਾਇੰਦੇ ਕੁਲਦੀਪ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀਆਂ ਤੋਂ ਇਲਾਵਾ ਹੋਰ ਕਈ ਜਥੇਬੰਦੀਆਂ ਵੱਲੋਂ ਰੋਸ ਵੀ ਪ੍ਰਗਟਾਇਆ ਗਿਆ ਸੀ ਅਤੇ ਸ਼ਹੀਦ ਦੇ ਬੁੱਤ ਨੂੰ ਦੁਬਾਰਾ ਇੱਥੇ ਰੱਖਣ ਦੀ ਮੰਗ ਕੀਤੀ ਗਈ ਸੀ। ਸਾਬਕਾ ਬ੍ਰਿਗੇਡੀਅਰ ਇੰਦਰ ਮੋਹਨ ਸਿੰਘ ਵੱਲੋਂ ਲਿਖੇ ਪੱਤਰ ਦੇ ਜਵਾਬ ਵਿੱਚ ਵੈਸਟਰਨ ਕਮਾਂਡ ਨੇ ਵੀ ਬੁੱਤ ਅਤੇ ਟੈਂਕ ਪੁਰਾਣੀ ਥਾਂ ’ਤੇ ਸਥਾਪਤ ਕਰਨ ਦੀ ਹਮਾਇਤ ਕੀਤੀ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਮੰਗ ਕਰਨ ਵਾਲਿਆਂ ਨੂੰ ਭਰੋਸਾ ਦਿੱਤਾ ਗਿਆ ਸੀ ਪਰ ਹਾਲਾਂ ਤੱਕ ਇਸ ਪਾਸੇ ਕੋਈ ਪਲਾਂਘ ਪੁੱਟੀ ਨਜ਼ਰੀਂ ਨਹੀਂ ਪਈ।
