ਸੰਯੁਕਤ ਦਲਿਤ ਮੋਰਚਾ ਦੀ ਸੂਬਾ ਪੱਧਰੀ ਮੀਟਿੰਗ
ਗੁਰਿੰਦਰ ਸਿੰਘ
ਲੁਧਿਆਣਾ, 30 ਜੂਨ
ਸੰਯੁਕਤ ਦਲਿਤ ਮੋਰਚਾ ਵੱਲੋਂ ਦਲਿਤ ਭਾਈਚਾਰੇ ਦੇ ਮਸਲਿਆਂ ਨੂੰ ਹੱਲ ਕਰਾਉਣ ਅਤੇ ਭਾਈਚਾਰੇ ਨੂੰ ਜਾਗਰੂਕ ਕਰਨ ਲਈ 3 ਅਗਸਤ ਨੂੰ ਬਰਨਾਲਾ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅੱਜ ਇੱਥੇ ਸਰਕਟ ਹਾਊਸ ਵਿੱਚ ਮੋਰਚੇ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ, ਲੋਕ ਦਲ ਦੇ ਸੂਬਾ ਕੋ-ਆਰਡੀਨੇਟਰ ਡਾ. ਕਸ਼ਮੀਰ ਸਿੰਘ ਖੂੰਡਾ ਅਤੇ ਨੈਸ਼ਨਲ ਦਲਿਤ ਮਹਾਂ ਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਦਲਿਤ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਅਬਾਦੀ ਦੇ 40 ਫ਼ੀਸਦੀ ਐੱਸਸੀ ਸਮਾਜ ਦੀਆਂ ਵੋਟਾਂ ਲੈ ਕੇ ਸੱਤਾ ਉਪਰ ਬੈਠਣ ਵਾਲੇ ਸੱਤਾਧਾਰੀ ਹਾਕਮਾਂ ਨੇ ਦਲਿਤ ਸਮਾਜ ਦੇ ਵਿਕਾਸ ਦੀਆਂ ਨੀਤੀਆਂ ਬਣਾਉਣ ਦੀ ਥਾਂ ਉਲਟਾ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਨੂੰ ਖੋਹਿਆ ਹੈ ਜਿਸ ਕਾਰਨ ਅੱਜ ਬੇਜ਼ਮੀਨੇ ਦਲਿਤ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਕੁੱਲੀ, ਗੁੱਲੀ ਅਤੇ ਜੁੱਲੀ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸਮੇਤ ਸਾਰੀਆਂ ਪਾਰਟੀਆਂ ਦਲਿਤ ਸਮਾਜ ਦੀਆਂ ਦੁਸ਼ਮਣ ਹਨ। ਇਸ ਲਈ ਸੰਯੁਕਤ ਦਲਿਤ ਮੋਰਚਾ ਪੰਜਾਬ ਦੀਆਂ ਸਾਰੀਆਂ ਐੱਸਸੀ ਭਾਈਚਾਰੇ ਦੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਬੇਜ਼ਮੀਨੇ ਦਲਿਤ ਸਮਾਜ ਦੇ ਬੁਨਿਆਦੀ ਅਧਿਕਾਰਾਂ ਦੀ ਪ੍ਰਾਪਤੀ ਲਈ ਸਾਂਝਾ ਸੰਘਰਸ਼ ਚਲਾਵੇਗਾ।
ਆਗੂਆਂ ਨੇ ਕਿਹਾ ਕਿ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਵਾ ਕੇ 17 ਏਕੜ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਦਲਿਤਾਂ ਤੇ ਗਰੀਬਾਂ ਵਿੱਚ ਵੰਡਾਉਣ, ਮਨਰੇਗਾ ਕਾਨੂੰਨ ਤਹਿਤ ਹਰ ਇੱਕ ਬੇਰੁਜ਼ਗਾਰ ਮਜ਼ਦੂਰ ਨੂੰ ਸਾਲ ਵਿੱਚ ਘੱਟੋ ਘੱਟ 200 ਦਿਨ ਕੰਮ, ਦਿਹਾੜੀ 800 ਰੁਪਏ ਕਰਾਉਣ ਅਤੇ ਮਨਰੇਗਾ ਦੀ ਤਰਜ਼ ਤੇ ਸ਼ਹਿਰੀ ਬੇਰੁਜ਼ਗਾਰ ਮਜ਼ਦੂਰਾਂ ਨੂੰ ਵੀ ਰੁਜ਼ਗਾਰ ਗਾਰੰਟੀ ਕਾਨੂੰਨ ਲਾਗੂ ਕਰਾਉਣ, ਬੁਢਾਪਾ ਪੈਨਸ਼ਨ ਦੀ ਉਮਰ ਹੱਦ 65 ਦੀ ਥਾਂ 55 ਸਾਲ ਅਤੇ ਪੈਨਸ਼ਨ 5000 ਪ੍ਰਤੀ ਮਹੀਨਾ ਲਾਗੂ ਕਰਾਉਣ, ਦਲਿਤ ਮਜ਼ਦੂਰਾਂ, ਔਰਤਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਮਾਫ਼ ਕਰਾਉਣ, ਚੋਣ ਵਾਅਦੇ ਤਹਿਤ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਲਾਗੂ ਕਰਾਉਣ ਅਤੇ ਦਲਿਤਾਂ ਉਪਰ ਹੋ ਰਹੇ ਸਮਾਜਿਕ ਅੱਤਿਆਚਾਰਾਂ ਦੇ ਟਾਕਰੇ ਸਮੇਤ ਹੋਰ ਦਲਿਤਾਂ, ਮਜ਼ਦੂਰਾਂ ਦੇ ਭਖਦੇ ਮਸਲਿਆਂ ਤੇ ਲਾਮਬੰਦੀ ਕਰ ਕੇ ਮਾਨ ਸਰਕਾਰ ਨੂੰ ਘੇਰਨ ਲਈ ਦਲਿਤ ਲਹਿਰ ਖੜ੍ਹੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ 3 ਅਗਸਤ ਦੀ ਬਰਨਾਲਾ ਸੂਬਾ ਪੱਧਰੀ ਕਨਵੈਨਸ਼ਨ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਆਪਣੇ ਜ਼ਿਲ੍ਹਿਆਂ ਅੰਦਰ ਮੀਟਿੰਗਾਂ ਕਰਕੇ ਰਹਿਦੀਆਂ ਐੱਸਸੀ ਧਿਰਾਂ ਨੂੰ ਸੰਯੁਕਤ ਦਲਿਤ ਮੋਰਚਾ ਵਿੱਚ ਸ਼ਾਮਲ ਕਰਨ ਲਈ ਗੱਲਬਾਤ ਕਰਨਗੀਆਂ। ਇਸ ਮੌਕੇ ਮਾਸਟਰ ਅਵਤਾਰ ਸਿੰਘ ਸਹੋਤਾ, ਵਿੱਕੀ ਪ੍ਰੋਚਾ ਧੂਰੀ, ਡਾ. ਰਣਜੀਤ ਸਿੰਘ ਧਰਮਕੋਟ, ਲਖਵੀਰ ਸਿੰਘ ਬੋਬੀ, ਜਸਵੀਰ ਸਿੰਘ ਘਲੋਟੀ, ਜਗਸੀਰ ਸਿੰਘ ਦਲੇਲ ਸਿੰਘ ਵਾਲਾ, ਰਾਜ ਸਿੰਘ ਟੋਡਰਵਾਲ, ਪ੍ਰਗਟ ਸਿੰਘ ਰਾਜੇਆਣਾ ਅਤੇ ਗੁਰਦੀਪ ਸਿੰਘ ਕਾਲੀ ਪਾਇਲ ਆਦਿ ਵੀ ਮੌਜੂਦ ਸਨ।