ਫਲਾਈਓਵਰ ’ਤੇ ਤੇਜ਼ ਰਫ਼ਤਾਰ ਕਾਰਾਂ ਟਕਰਾਈਆਂ, ਲੋਕ ਵਾਲ-ਵਾਲ ਬਚੇ
ਸ਼ਹਿਰ ਦੇ ਸ਼ਿਵਪੁਰੀ ਚੌਕ ਤੋਂ ਲੰਘਦੇ ਫਲਾਈਓਵਰ ’ਤੇ ਬੀਤੀ ਦੇਰ ਰਾਤ ਇੱਕ ਤੋਂ ਬਾਅਦ ਇੱਕ ਤਿੰਨ ਵਾਹਨ ਟਕਰਾ ਗਏ। ਤਿੰਨ ਵਾਹਨਾਂ ਦੀ ਟੱਕਰ ਤੋਂ ਬਾਅਦ ਲੋਕ ਆਲੇ-ਦੁਆਲੇ ਇਕੱਠੇ ਹੋ ਗਏ। ਲੋਕਾਂ ਨੇ ਮੌਕੇ ’ਤੇ ਗੱਡੀਆਂ ਵਿੱਚ ਸਭ ਨੂੰ ਬਾਹਰ ਕੱਢ ਕੇ ਦੇਖਿਆ ਤਾਂ ਸਭ ਠੀਕ ਸਨ। ਇਸ ਹਾਦਸੇ ਵਿੱਚ ਤਿੰਨ ਗੱਡੀਆਂ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ। ਇਹ ਹਾਦਸਾ ਸੜਕ ਦੇ ਵਿਚਾਲੇ ਹੀ ਨੌਜਵਾਨਾਂ ਵੱਲੋਂ ਕਾਰ ਖੜ੍ਹੀ ਕਰ ਕੇ ਸ਼ਰਾਬ ਪੀਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਥਾਣਾ ਦੀ ਟੀਮ ਮੌਕੇ ’ਤੇ ਪੁੱਜੀ। ਜਾਣਕਾਰੀ ਮੁਤਾਬਕ ਬੀਤੀ ਰਾਤ ਸ਼ਿਵਪੁਰੀ ਚੌਕੀ ਫਲਾਈਓਵਰ ’ਤੇ ਕੁਝ ਨੌਜਵਾਨ ਆਪਣੀ ਕਾਰ ਵਿੱਚ ਖੜ੍ਹੇ ਸ਼ਰਾਬ ਪੀ ਰਹੇ ਸਨ। ਜਲੰਧਰ ਦੇ ਰਮਨ ਨੇ ਆਪਣੀ ਕਾਰ ਰੋਕੀ ਅਤੇ ਨੌਜਵਾਨਾਂ ਨੂੰ ਗੱਡੀ ਸਾਈਡ ਕਰਨ ਲਈ ਕਿਹਾ। ਜਦੋਂ ਰਮਨ ਨੌਜਵਾਨਾਂ ਨਾਲ ਗੱਲ ਕਰ ਰਿਹਾ ਸੀ ਤਾਂ ਪਿੱਛੋਂ ਆ ਰਹੀ ਬੋਲੈਰੋ ਕੈਂਪਰ ਗੱਡੀ ਨੇ ਕਾਫ਼ੀ ਤੇਜ਼ੀ ਨਾਲ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਕੈਂਪਰ ਨਾਲ ਟਕਰਾ ਗਈ ਅਤੇ ਸੜਕ ’ਤੇ ਪਲਟ ਗਈ। ਕਾਰ ਵਿੱਚ ਅੰਮ੍ਰਿਤਸਰ ਤੋਂ ਆ ਰਹੇ ਚਾਰ ਨੌਜਵਾਨ ਸਵਾਰ ਸਨ ਜਿਸ ਵਿੱਚ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਬਾਕੀ ਤਿੰਨਾਂ ਦਾ ਬਚਾਅ ਹੋ ਗਿਆ। ਹਾਦਸੇ ਦੌਰਾਨ ਕਾਰ ਵਿੱਚ ਸ਼ਰਾਬ ਪੀ ਰਹੇ ਨੌਜਵਾਨ ਭੱਜ ਗਏ। ਪੁਲੀਸ ਥਾਣਾ ਦਰੇਸੀ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।