ਧਰਤੀ ਦੇ ਜੀਵ ਮੰਡਲ ਦੀ ਸੰਭਾਲ ਬਾਰੇ ਭਾਸ਼ਣ
ਜਗਰਾਉਂ, 20 ਫਰਵਰੀ
ਇਥੋਂ ਦੇ ਲਾਜਪਤ ਰਾਏ ਡੀਏਵੀ ਕਾਲਜ ਵਿੱਚ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਧਰਤੀ ਦੇ ਜੀਵ ਮੰਡਲ ਦੀ ਸੰਭਾਲ ਬਾਰੇ ਭਾਸ਼ਣ ਕਰਵਾਇਆ ਗਿਆ। ‘ਲੋਕਲ ਐਕਸ਼ਨ ਵਿਦ ਗਲੋਬਲ ਥਿੰਕਿੰਗ ਫਾਰ ਕੰਜ਼ਰਵੇਸ਼ਨ ਆਫ਼ ਬਾਇਓਸਫੀਅਰ ਆਫ਼ ਅਰਥ’ ਵਿਸ਼ੇ ’ਤੇ ਭਾਸ਼ਣ ਲਈ ਭੁਵਨ ਗੋਇਲ ਨੂੰ ਮੁੱਖ ਬੁਲਾਰੇ ਵਜੋਂ ਬੁਲਾਇਆ ਗਿਆ। ਸਮਾਗਮ ਦੀ ਸ਼ੁਰੂਆਤ ਈਕੋ ਕਲੱਬ ਦੇ ਕਨਵੀਨਰ ਡਾ. ਕੁਨਾਲ ਮਹਿਤਾ ਵਲੋਂ ਆਏ ਮਹਿਮਾਨਾਂ ਦੇ ਸਵਾਗਤ ਨਾਲ ਕੀਤੀ ਗਈ। ਉਨ੍ਹਾਂ ਨੇ ਵਾਤਾਵਰਨ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਸਾਲ ਵਾਤਾਵਰਨ ਦਿਵਸ ਦਾ ਥੀਮ ਪਲਾਸਟਿਕ ਦਾ ਖਾਤਮਾ ਹੈ। ਕੈਪਟਨ ਨਰੇਸ਼ ਵਰਮਾ ਨੇ ਵੀ ਵਾਤਾਵਰਨ ਦੀ ਸੰਭਾਲ ਬਾਰੇ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਡਾ. ਅਨੁਜ ਕੁਮਾਰ ਸ਼ਰਮਾ ਨੇ ਵਾਤਾਵਰਨ ਪ੍ਰਦੂਸ਼ਣ ਦੀਆਂ ਵੱਖ-ਵੱਖ ਕਿਸਮਾਂ ਬਾਰੇ ਗੱਲ ਕੀਤੀ। ਉਨ੍ਹਾਂ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਦੇ ਵੱਖ-ਵੱਖ ਤਰੀਕਿਆਂ ਅਤੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਵਿਸ਼ੇਸ਼ ਤੌਰ ’ਤੇ ਵਿਚਾਰ ਸਾਂਝੇ ਕੀਤੇ। ਭੁਵਨ ਗੋਇਲ ਨੇ ਜੈਵਿਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਕੇ ਵਾਤਾਵਰਣ ਨੂੰ ਬਚਾਉਣ ਦੀ ਸਖ਼ਤ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਲਈ ਈ-ਵੇਸਟ ਨੂੰ ਵੱਖ ਕਰਨ, ਸਿੰਗਲ ਯੂਜ਼ ਪਲਾਸਟਿਕ ਤੋਂ ਬਚਣ ਅਤੇ ਵੱਧ ਤੋਂ ਵੱਧ ਰੁੱਖ ਲਾਉਣ ਦਾ ਸੁਝਾਅ ਦਿੱਤਾ। ਇਸ ਮੌਕੇ ਡਾ. ਸੁਭਾਸ਼ ਚੰਦ ਨੇ ਕੁਇਜ਼ ਵੀ ਕਰਵਾਇਆ।