ਪੀਏਯੂ ਦੇ ਨਵੇਂ ਵਿਦਿਆਰਥੀਆਂ ਲਈ ਅਪ੍ਰੇਸ਼ਨ ਸਿੰਧੂਰ ਬਾਰੇ ਭਾਸ਼ਣ
ਪੀਏਯੂ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਚੱਲ ਰਹੇ ਨਵੇਂ ਵਿਦਿਆਰਥੀਆਂ ਦੇ ਓਰੀਐਂਟੇਸ਼ਨ ਪ੍ਰੋਗਰਾਮ ‘ਦੀਕਸ਼ਾਰੰਭ’ ਦੇ ਹਿੱਸੇ ਵਜੋਂ ਪੀਏਯੂ ਨੇ ਅਪ੍ਰੇਸ਼ਨ ਸਿੰਧੂਰ ਬਾਰੇ ਭਾਸ਼ਣ ਕਰਵਾਇਆ। ਇਹ ਭਾਸ਼ਣ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਭਾਰਤੀ ਸੈਨਿਕਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦੀ ਯਾਦ ਵਿੱਚ ਕਰਵਾਇਆ ਗਿਆ।
ਇਹ ਸੈਸ਼ਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਤੇ ਐੱਨਸੀਸੀ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿੱਚ ਏਵੀਐੱਸਐੱਮ, ਜਨਰਲ ਅਫਸਰ ਕਮਾਂਡਿੰਗ, 11 ਕੋਰ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਲੈਫਟੀਨੈਂਟ ਜਨਰਲ ਚਾਂਦਪੁਰੀਆ ਨੇ ਫੌਜ ਦੀ ਸੇਵਾ ਦੇ ਆਪਣੇ ਨਿੱਜੀ ਸਫ਼ਰ ਨੂੰ ਸਾਂਝਾ ਕਰਦਿਆਂ ਵਿਦਿਆਰਥੀਆਂ ਨੂੰ ਦ੍ਰਿੜ ਰਹਿਣ ਅਤੇ ਉੱਚੇ ਟੀਚੇ ਰੱਖਣ ਲਈ ਉਤਸ਼ਾਹਿਤ ਕੀਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਅਪਰੇਸ਼ਨ ਸਿੰਧੂਰ ਬਾਰੇ ਵਿਸਥਾਰ ਨਾਲ ਦੱਸਿਆ ਜੋ ਕਿ ਭਾਰਤ ਵੱਲੋਂ ਪਹਿਲਗਾਮ ਦੇ ਅੱਤਵਾਦੀ ਹਮਲੇ ਤੋਂ ਬਾਅਦ ਸ਼ੁਰੂ ਕੀਤਾ। ਜਨਰਲ ਚਾਂਦਪੁਰੀਆ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਆਪਰੇਸ਼ਨ ਸੁਰੱਖਿਆ ਅਤੇ ਰਾਸ਼ਟਰੀ ਗੌਰਵ ਦੀ ਪਹੁੰਚ ਨਾਲ ਚਲਾਇਆ ਗਿਆ ਸੀ, ਜਿਸ ਵਿੱਚ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਲੈਫਟੀਨੈਂਟ ਜਨਰਲ ਚਾਂਦਪੁਰੀਆ ਨੇ ਰੂਸ-ਯੂਕਰੇਨ ਯੁੱਧ ਅਤੇ ਇਜ਼ਰਾਈਲ-ਹਮਾਸ ਟਕਰਾਅ ਸਮੇਤ ਸਮਕਾਲੀ ਵਿਸ਼ਵ ਫੌਜੀ ਟਕਰਾਅ ਬਾਰੇ ਵੀ ਵਿਚਾਰ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੇਸ਼ੇਵਰ ਖੇਤਰਾਂ ਦੇ ਨਾਲ ਹੀ ਰਾਸ਼ਟਰੀ ਰੱਖਿਆ ਵਿੱਚ ਸਰਗਰਮ ਯੋਗਦਾਨ ਪਾਉਣ ਲਈ ਤਿਆਰ ਰਹਿਣ।
ਭਾਸ਼ਣ ਤੋਂ ਬਾਅਦ, ਉਹ ਵਿਦਿਆਰਥੀਆਂ ਨਾਲ ਪ੍ਰਸ਼ਨ ਅਤੇ ਉੱਤਰ ਸੈਸ਼ਨ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਤਾਬਾਂ ਭੇਟ ਕੀਤੀਆਂ ਗਈਆਂ ਜਿਨ੍ਹਾਂ ਨੇ ਆਪਰੇਸ਼ਨ ਸਿੰਧੂਰ ਬਾਰੇ ਸੂਝਵਾਨ ਸਵਾਲ ਪੁੱਛੇ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੈਪਟਨ ਵਿਕਰਮ ਬੱਤਰਾ ਅਤੇ ਲੈਫਟੀਨੈਂਟ ਤ੍ਰਿਵੇਣੀ ਸਿੰਘ ਵਰਗੇ ਕੌਮੀ ਨਾਇਕਾਂ ਨੂੰ ਯਾਦ ਕੀਤਾ ਜੋ ਪੀਏਯੂ ਦੇ ਮਾਣਮੱਤੇ ਸਾਬਕਾ ਵਿਦਿਆਰਥੀ ਸਨ। ਵਿਦਿਆਰਥੀ ਭਲਾਈ ਨਿਰਦੇਸ਼ਕ ਡਾ. ਨਿਰਮਲ ਜੌੜਾ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਸਮਾਗਮ ਦੀ ਕਾਰਵਾਈ ਡਾ. ਵਿਸ਼ਾਲ ਬੈਕਟਰ ਨੇ ਚਲਾਈ।