ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਵਿਰੁੱਧ ਇਕਜੁੱਟਤਾ
ਬਿਜਲੀ ਨਿਗਮ ਦੀਆਂ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਮਹਿੰਗੀਆਂ ਜਾਇਦਾਦਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਆਸੀ ਲੋੜਾਂ ਲਈ ਵੇਚਣ ਦੀ ਘਟੀਆ ਤਜਵੀਜ਼ ਖਿਲਾਫ਼ ਅਤੇ ਬਿਜਲੀ ਸੋਧ ਬਿੱਲ 2025 ਦੇ ਵਿਰੁੱਧ ਅਦਾਰੇ ਦੇ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਸਾਂਝੇ ਸੰਗਠਨਾਂ ਨੇ ਜ਼ੋਰਦਾਰ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਤਹਿਤ ਦੋ ਨਵੰਬਰ ਨੂੰ ਬਿਜਲੀ ਮੰਤਰੀ ਖ਼ਿਲਾਫ਼ ਆਰਤੀ ਚੌਕ ਲੁਧਿਆਣਾ ਵਿੱਚ ਸੂਬਾ ਪੱਧਰੀ ਰੋਸ ਧਰਨਾ ਦੇ ਕੇ ਝੰਡਾ ਮਾਰਚ ਕੀਤਾ ਜਾਵੇਗਾ।
ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਗੁਰਭੇਜ ਸਿੰਘ ਢਿੱਲੋਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ ਅਤੇ ਬਿਜਲੀ ਨਿਗਮ ਦੀ ਹੋਂਦ ਬਚਾਉਣ ਦੇ ਸਵਾਲ ’ਤੇ ਇਕਜੁੱਟ ਹੋ ਕੇ ਸਰਕਾਰ ਵੱਲੋਂ ਜਾਇਦਾਦਾਂ ਵੇਚਣ ਦੀ ਤਜਵੀਜ਼ ਖ਼ਿਲਾਫ਼ ਅਤੇ ਬਿਜਲੀ ਸੋਧ ਬਿੱਲ ਦੇ ਖਰੜੇ ਵਿਰੁੱਧ ਸਾਂਝਾ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਮੀਟਿੰਗ ਦੌਰਾਨ ਕੀਤੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਹਰਪਾਲ ਸਿੰਘ ਅਤੇ ਗੁਰਵੇਲ ਸਿੰਘ ਬੱਲਪੁਰੀਆ ਨੇ ਦੱਸਿਆ ਕਿ ਜਾਇਦਾਦਾਂ ਵੇਚਣ ਵਿਰੁੱਧ 16 ਤੋਂ 31 ਅਕਤੂਬਰ ਤੱਕ ਪਾਵਰਕੌਮ ਦੇ ਸਮੁੱਚੇ ਸਰਕਲਾਂ ਵਿੱਚ ਰੋਸ ਧਰਨੇ ਦਿੱਤੇ ਜਾ ਰਹੇ ਹਨ। ਮੀਟਿੰਗ ਦੌਰਾਨ ਰਘਬੀਰ ਸਿੰਘ, ਸੁਖਵਿੰਦਰ ਸਿੰਘ ਚਾਹਲ, ਸਰਿੰਦਰਪਾਲ ਲਹੌਰੀਆ, ਜਰਨੈਲ ਸਿੰਘ, ਦਵਿੰਦਰ ਸਿੰਘ ਪਿਸੋਰ, ਜਸਬੀਰ ਸਿੰਘ ਆਂਡਲੂ, ਰਾਧੇ ਸ਼ਿਆਮ, ਤਜਿੰਦਰ ਸਿੰਘ ਸੇਖੋਂ, ਅਮਰੀਕ ਸਿੰਘ ਮਸੀਤਾਂ, ਪੂਰਨ ਸਿੰਘ ਖਾਈ, ਬਾਬਾ ਅਮਰਜੀਤ ਸਿੰਘ, ਕੌਰ ਸਿੰਘ ਸੋਹੀ, ਪਵਨਪ੍ਰੀਤ ਸਿੰਘ, ਗੁਰਤੇਜ ਸਿੰਘ ਪੱਖੋ, ਰਘਬੀਰ ਸਿੰਘ, ਰਛਪਾਲ ਸਿੰਘ ਪਾਲੀ, ਕੇਵਲ ਸਿੰਘ ਬਨਵੈਤ, ਬਲਵਿੰਦਰ ਸਿੰਘ ਬਾਜਵਾ, ਗੁਰਜੀਤ ਸਿੰਘ ਮੱਤੀ, ਇੰਜੀ : ਕਰਮਜੀਤ ਸਿੰਘ ਪਟਿਆਲਾ, ਇੰਜੀ: ਅਰਸ਼ਬੀਰ ਸਿੰਘ ਤੋਂ ਇਲਾਵਾ ਵੱਖ - ਵੱਖ ਜਥੇਬੰਦੀਆਂ ਦੇ ਕਿਸਾਨ ਆਗੂਆਂ ਸੁਦਾਗਰ ਸਿੰਘ ਘੁਡਾਣੀ, ਬਲਦੇਵ ਸਿੰਘ ਜ਼ੀਰਾ, ਦਿਲਬਾਗ ਸਿੰਘ ਗਿੱਲ, ਸੂਰਤ ਸਿੰਘ ਧਰਮਕੋਟ ਅਤੇ ਚਮਕੌਰ ਸਿੰਘ ਬੀਰਮੀ ਆਦਿ ਨੇ ਸਮੁੱਚੇ ਮੁਲਾਜ਼ਮਾਂ ਅਤੇ ਕਿਸਾਨਾਂ ਸਮੇਤ ਪੰਜਾਬ ਪੱਖੀ ਵਿਚਾਰਧਾਰਾ ਵਾਲੇ ਆਗੂਆਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਏਟਕ ਦੇ ਸੂਬਾ ਆਗੂ ਜਗਦੀਸ਼ ਸਿੰਘ ਚਾਹਲ ਅਤੇ ਪਾਵਰਕੌਮ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਦੇਵਰਾਜ ਨੇ ਪੰਜਾਬ ਦੀਆਂ ਸਮੂਹ ਸੰਘਰਸ਼ਸ਼ੀਲ ਕਿਸਾਨ ਅਤੇ ਭਰਾਤਰੀ ਜਥੇਬੰਦੀਆਂ ਨੂੰ 28 ਅਕਤੂਬਰ ਨੂੰ ਤਰਨ ਤਾਰਨ ਅਤੇ 2 ਨਵੰਬਰ ਦੇ ਬਿਜਲੀ ਮੰਤਰੀ ਵਿਰੁੱਧ ਲਗਾਏ ਜਾ ਰਹੇ ਰੋਸ ਧਰਨੇ ਨੂੰ ਕਾਮਯਾਬ ਕਰਨ ਲਈ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦਿੱਤਾ।
