ਸਮਾਜ ਸੇਵੀਆਂ ਵੱਲੋਂ ਨਸ਼ਾ ਤਸਕਰ ਕਾਬੂ
ਸਰਕਾਰ ਵਲੋਂ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਪੁਲੀਸ ਵਲੋਂ ਕਈ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹਾਂ ਪਿੱਛੇ ਭੇਜਿਆ ਗਿਆ ਹੈ ਅਤੇ ਉਨ੍ਹਾਂ ਦੀਆਂ ਜਾਇਦਾਦਾਂ ’ਤੇ ‘ਪੀਲਾ ਪੰਜਾ’ ਚਲਾਇਆ ਗਿਆ ਹੈ ਤਾਂ ਜੋ ਉਹ ਅੱਗੇ ਤੋਂ ਅਜਿਹਾ ਨਾ ਕਰ ਸਕਣ ਪਰ ਫਿਰ ਵੀ ਕੁਝ ਕੁ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਮਾਛੀਵਾੜਾ ਦੇ ਪਿੰਡ ਸ਼ੇਰਪੁਰ ਵਿਖੇ ਦੇਖਣ ਨੂੰ ਮਿਲਿਆ ਜਿਸ ਤਹਿਤ ਸਮਾਜ ਸੇਵੀ ਗੁਰਿੰਦਰ ਸਿੰਘ ਨੂਰਪੁਰ ਅਤੇ ਤਾਰਾ ਚੰਦ ਸੰਧੂ ਚਮਕੌਰ ਸਾਹਿਬ ਵਲੋਂ ਸਾਥੀਆਂ ਸਮੇਤ ਚਿੱਟਾ ਵੇਚਣ ਵਾਲਿਆਂ ਨੂੰ ਕਾਬੂ ਕਰ ਉਨ੍ਹਾਂ ਤੋਂ ਚਿੱਟਾ ਵੀ ਬਰਾਮਦ ਕੀਤਾ, ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਈਰਲ ਹੋ ਰਹੀਆਂ ਹਨ। ਉਕਤ ਨੌਜਵਾਨਾਂ ਵਲੋਂ ਚਿੱਟਾ ਵੇਚਣ ਵਾਲਿਆਂ ਨੂੰ ਕਾਬੂ ਕਰ ਮਾਛੀਵਾੜਾ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਿੰਦਰ ਸਿੰਘ ਨੂਰਪੁਰ ਨੇ ਦੱਸਿਆ ਕਿ ਚਮਕੌਰ ਸਾਹਿਬ ਤੋਂ ਕੁਝ ਨੌਜਵਾਨ ਚਿੱਟਾ ਦੇ ਆਦੀ ਹੋ ਗਏ ਸਨ ਜੋ ਇਸ ਨੂੰ ਛੱਡਣਾ ਚਾਹੁੰਦੇ ਸਨ। ਉਨ੍ਹਾਂ ਇਸ ਸਬੰਧੀ ਸਮਾਜ ਸੇਵੀ ਤਾਰਾ ਚੰਦ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਸ਼ਾ ਤਸਕਰਾਂ ਦੇ ਨਾਮ ਦੱਸੇ ਜਾਣ ਤਾਂ ਕਿ ਉਹ ਉਨ੍ਹਾਂ ਨੂੰ ਮੌਕੇ ’ਤੇ ਕਾਬੂ ਕਰ ਸਕਣ। ਇਸ ਤੋਂ ਬਾਅਦ ਵਿਉਂਤਬੰਦੀ ਬਣਾ ਕੇ ਉਨ੍ਹਾਂ ਨਸ਼ਾ ਤਸਕਰਾਂ ਨੂੰ ਫੋਨ ਲਗਾ ਕੇ ਬੁਲਾਇਆ ਜਿਨ੍ਹਾਂ ਨੂੰ ਚਿੱਟੇ ਸਮੇਤ ਕਾਬੂ ਕਰ ਲਿਆ ਗਿਆ। ਉਕਤ ਸਮਾਜ ਸੇਵੀਆਂ ਨੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਵੀ ਇਸ ਘਟਨਾ ਤੋਂ ਜਾਣੂ ਕਰਵਾਇਆ।
ਕੈਪਸ਼ਨ 5: ਕਾਬੂ ਕੀਤੇ ਨਸ਼ਾ ਤਸਕਰਾਂ ਤੋਂ ਪੁੱਛਗਿੱਛ ਕਰਦੇ ਹੋਏ ਸਮਾਜ ਸੇਵੀ ਤਾਰਾ ਚੰਦ।-
ਕੈਪਸ਼ਨ 6: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਐੱਸ.ਪੀ. ਤਰਲੋਚਨ ਸਿੰਘ।
ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ: ਡੀਐੱਸਪੀ
ਸਮਾਜ ਸੇਵੀਆਂ ਵਲੋਂ ਚਿੱਟੇ ਸਮੇਤ ਕਾਬੂ ਕੀਤੇ ਨਸ਼ਾ ਤਸਕਰਾਂ ਸਬੰਧੀ ਜਦੋਂ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ੇਰਪੁਰ ਵਿਚ ਪਹਿਲਾਂ ਵੀ ਕਈ ਵਾਰ ਰੇਡ ਕੀਤੀ ਅਤੇ ਚਿੱਟਾ ਵੇਚਣ ਵਾਲਿਆਂ ’ਤੇ ਸਖਤੀ ਕਰਦਿਆਂ ਵੱਖ-ਵੱਖ ਵਿਅਕਤੀਆਂ ’ਤੇ 3-4 ਕੇਸ ਵੀ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਰਾਤ ਸਮੇਂ ਜਦੋਂ ਉਨ੍ਹਾਂ ਨੂੰ ਨਸ਼ਾ ਤਸਕਰਾਂ ਦੇ ਫੜੇ ਜਾਣ ਸਬੰਧੀ ਫੋਨ ਆਇਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਸ਼ੇਰਪੁਰ ਚੌਂਕੀ ਇੰਚਾਰਜ ਨੂੰ ਮੌਕੇ ’ਤੇ ਭੇਜ ਕੇ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਪੁੱਛਗਿੱਛ ਜਾਰੀ ਹੈ ਕਿ ਉਹ ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਕਿੱਥੇ-ਕਿੱਥੇ ਸਪਲਾਈ ਕਰਦਾ ਸੀ।