ਢਾਈ ਸਾਲਾ ਬੱਚੇ ਨੂੰ ਅਗਵਾ ਕਰਨ ਵਾਲੇ ਛੇ ਕਾਬੂ
ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਖੰਨਾ ਪੁਲੀਸ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਿਸ ਤਹਿਤ ਐਸ ਪੀ (ਆਈ) ਪਵਨਦੀਪ, ਡੀ ਐਸ ਪੀ ਤਰਲੋਚਨ ਸਿੰਘ, ਮੋਹਿਤ ਸਿੰਗਲਾ ਅਤੇ ਇੰਸਪੈਕਟਰ ਹਰਵਿੰਦਰ ਸਿੰਘ ਨੇ ਪੁਲੀਸ ਪਾਰਟੀ ਨਾਲ ਮਿਲ ਕੇ 12 ਘੰਟੇ ਦੇ ਅੰਦਰ ਅਗਵਾ ਹੋਏ ਢਾਈ ਸਾਲਾ ਬੱਚੇ ਨੂੰ ਬਰਾਮਦ ਕਰਕੇ ਦੋ ਔਰਤਾਂ ਸਮੇਤ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾ.ਜੋਤੀ ਯਾਦਵ ਨੇ ਦੱਸਿਆ ਕਿ ਵਿਕਾਸ ਕੁਮਾਰ ਵਾਸੀ ਪਿੰਡ ਗੜ੍ਹੀ ਤਰਖਾਣਾ ਨੇ ਕੱਲ੍ਹ 18 ਸਤੰਬਰ ਨੂੰ ਦਰਖਾਸਤ ਦਿੱਤੀ ਕਿ ਉਸ ਦਾ ਢਾਈ ਸਾਲ ਦਾ ਬੇਟਾ ਲਕਸ਼ ਉਰਫ਼ ਲੱਡੂ ਜੋ ਦੁਪਹਿਰ ਸਮੇਂ ਖੇਡਣ ਲਈ ਘਰੋਂ ਗਿਆ ਪਰ ਵਾਪਸ ਨਹੀਂ ਆਇਆ। ਪੁਲੀਸ ਪਾਰਟੀ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਬੱਚੇ ਦੀ ਭਾਲ ਆਰੰਭ ਦਿੱਤੀ। ਤਫਤੀਸ਼ ਦੌਰਾਨ ਰਮੇਸ਼ ਕੁਮਾਰ ਅਤੇ ਚੰਦਰ ਸਾਹਨੀ ਵਾਸੀ ਪਿੰਡ ਗੜ੍ਹੀ ਤਰਖਾਣਾ ਨੂੰ ਰਾਊਡ-ਅੱਪ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੀ ਭੈਣ ਰੀਟਾ ਦੇਵੀ ਵਾਸੀ ਦਾਣਾ ਮੰਡੀ ਸਿਰਸਾ ਕੋਲ ਕੋਈ ਬੱਚਾ ਨਾ ਹੋਣ ਕਾਰਨ ਉਸ ਦੇ ਪਤੀ ਜੈ ਨਾਥ ਨਾਲ ਮਿਲ ਕੇ ਉਕਤ ਬੱਚਾ ਨੂੰ ਅਗਵਾ ਕਰਕੇ ਆਪਣੀ ਭੈਣ ਨੂੰ ਦੇ ਦਿੱਤਾ ਸੀ ਜੋ ਬੱਸ ਵਿਚ ਰਵਾਨਾ ਹੋ ਕੇ ਸਿਰਸਾ ਚਲੇ ਗਏ। ਇਹ ਸਾਰੀ ਗੱਲਬਾਤ 1.29 ਲੱਖ ਰੁਪਏ ਵਿਚ ਤੈਅ ਹੋਈ ਸੀ ਜਿਸ ਵਿਚ ਬਬੀਤਾ ਨੇ 9 ਹਜ਼ਾਰ ਰੁਪਏ ਚੰਦਨ ਸਾਹਨੀ ਉਕਤ ਨੂੰ ਗੂਗਲ ਪੇਅ ਰਾਹੀਂ ਭੇਜੇ ਸਨ ਅਤੇ 50 ਹਜ਼ਾਰ ਰੁਪਏ ਕੈਸ਼ ਦਿੱਤੇ ਗਏ ਅਤੇ 70 ਹਜ਼ਾਰ ਰੁਪਏ ਦੇਣੇ ਬਾਕੀ ਸਨ। ਪੁਲੀਸ ਨੇ ਸਿਰਸਾ ਪੁਲੀਸ ਨਾਲ ਤਾਲਮੇਲ ਕਰਕੇ ਸਾਂਝੇ ਅਪਰੇਸ਼ਨ ਤਹਿਤ ਬੱਚਾ ਬਰਾਮਦ ਕਰਕੇ ਉਕਤ 6 ਦੋਸ਼ੀਆਂ ਨੂੰ ਕਾਬੂ ਕੀਤਾ ਪ੍ਰਤੂੰ ਰਕਮ ਦੀ ਬਰਾਮਦਗੀ ਅਜੇ ਬਾਕੀ ਹੈ।