ਸਿਰਜਣਧਾਰਾ ਨੇ ਗੀਤਕਾਰ ਥਰੀਕੇਵਾਲ ਦਾ ਜਨਮ ਦਿਨ ਮਨਾਇਆ
ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਪੰਜਾਬੀ ਭਵਨ ਵਿਖੇ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਮਰਹੂਮ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲੇ ਦਾ ਜਨਮ ਦਿਨ ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ, ਡਾ. ਗੁਲਜ਼ਾਰ ਪੰਧੇਰ, ਪ੍ਰਗਟ ਸਿੰਘ ਗਰੇਵਾਲ, ਡਾ. ਨਿਰਮਲ ਜੌੜਾ, ਅਮਰੀਕ ਸਿੰਘ ਤਲਵੰਡੀ, ਪਾਲੀ ਦੇਤਵਾਲੀਆ ਅਤੇ ਅਮਰਜੀਤ ਸਿੰਘ ਟਿੱਕਾ ਸ਼ਾਮਲ ਹੋਏ। ਸਭ ਤੋਂ ਪਹਿਲਾਂ ਦੇਵ ਥਰੀਕਿਆ ਵਾਲਾ ਦੀ ਫੋਟੋ ਉੱਤੇ ਫੁੱਲ ਚੜ੍ਹਾਉਂਦੇ ਹੋਏ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ ਉਪਰੰਤ ਸੰਸਥਾ ਦੇ ਪ੍ਰਧਾਨ ਡਾ. ਕੋਚਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੇਵ ਥਰੀਕਿਆਂ ਵਾਲਾ ਦੀ ਬਹੁਪੱਖੀ ਸ਼ਖਸੀਅਤ ਬਾਰੇ ਚਾਨਣਾ ਪਾਇਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਗੀਤਾਂ ਵਿਚ ਪੰਜਾਬੀ ਲੋਕ ਧਾਰਾ ਅਤੇ ਸਭਿਆਚਾਰਕ ਵਿਰਾਸਤ ਨੂੰ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਨੇਕ ਤੇ ਹੱਸਮੁੱਖ ਇਨਸਾਨ ਸਨ। ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਕਿਹਾ ਕਿ ਉਸਤਾਦ ਅਤੇ ਸ਼ਗਿਰਦ ਦੇ ਰਿਸ਼ਤੇ ਨੂੰ ਪਿਓ-ਪੁਤ ਦੇ ਰਿਸ਼ਤੇ ਵਾਂਗ ਮਜਬੂਤੀ ਨਾਲ ਕਿਵੇਂ ਨਿਭਾਉਣਾ ਹੈ ਇਸ ਦੀ ਜਿਉਂਦੀ ਜਾਗਦੀ ਮਿਸਾਲ ਸਨ ਗੀਤਕਾਰ ਹਰਦੇਵ ਸਿੰਘ ਦਿਲਗੀਰ, ਜਿਨ੍ਹਾਂ ਨੂੰ ਉਨ੍ਹਾਂ ਦੇ ਸ਼ਗਿਰਦ ਬਾਪੂ ਥਰੀਕੇ ਵਾਲਾ ਕਹਿ ਕੇ ਸਤਿਕਾਰ ਦਿੰਦੇ ਸਨ । ਪ੍ਰਸਿੱਧ ਗਾਇਕ ਪਾਲੀ ਦੇਤਵਾਲੀਆ ਨੇ ਦੇਵ ਥਰੀਕਿਆਂ ਵਾਲਾ ਨਾਲ ਬਿਤਾਏ ਪਲਾਂ ਨੂੰ ਚੇਤੇ ਕਰਦਿਆਂ ਉਨ੍ਹਾਂ ਦਾ ਲਿਖਿਆ ਗੀਤ ਸੁਣਾ ਕੇ ਸਮੇਂ ਨੂੰ ਬੰਨ੍ਹਿਆ।
ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਅਮਰਜੀਤ ਸਿੰਘ ਟਿੱਕਾ ਅਤੇ ਡਾ. ਗੁਲਜ਼ਾਰ ਪੰਧੇਰ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਦੇਵ ਥਰੀਕਿਆਂ ਵਾਲਿਆਂ ਦੀ ਪੰਜਾਬੀ ਮਾਂ ਬੋਲੀ ਪ੍ਰਤੀ ਸੁਹਿਰਦਤਾ ਨਾਲ ਦਿੱਤੀ ਗਈ ਵੱਡਮੁੱਲੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਨੈਸ਼ਨਲ ਅਵਾਰਡੀ ਅਮਰੀਕ ਸਿੰਘ ਤਲਵੰਡੀ ਨੇ ਖ਼ੂਬਸੂਰਤ ਕਾਵਿ ਚਿੱਤਰ ਨਾਲ ਦੇਵ ਥਰੀਕਿਆਂ ਵਾਲਾ ਦੀ ਵਡਿਆਈ ਕੀਤੀ। ਡਾ. ਜੋੜਾ ਅਤੇ ਪ੍ਰਗਟ ਸਿੰਘ ਗਰੇਵਾਲ ਨੇ ਦੇਵ ਥਰੀਕਿਆਂ ਵਾਲਾ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁਜੱਸਮਾ ਕਿਹਾ । ਸੰਸਥਾ ਦੇ ਜਨਰਲ ਸਕੱਤਰ ਅਮਰਜੀਤ ਸ਼ੇਰਪੁਰੀ ਜੋ ਦੇਵ ਥਰੀਕਿਆ ਵਾਲਾ ਜੀ ਦੇ ਸ਼ਗਿਰਦ ਵੀ ਰਹੇ ਹਨ, ਉਹ ਵੀ ਮੰਚ ਸੰਚਾਲਨ ਕਰਦਿਆਂ ਹੋਇਆਂ ਦੇਵ ਜੀ ਨਾਲ ਜੁੜੀਆਂ ਪਿਆਰੀਆਂ ਤੇ ਮਿੱਠੀਆਂ ਯਾਦਾਂ ਸਾਂਝੀਆਂ ਕਰਦੇ ਰਹੇ।
ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਜਗਪਾਲ ਜੱਗਾ ਜਮਾਲਪੁਰੀ, ਮਨਜੀਤ ਕੌਰ ਧੀਮਾਨ, ਰਣਜੀਤ ਸਿੰਘ ਗਰੇਵਾਲ, ਸੁਰਜੀਤ ਸਿੰਘ ਜੀਤ, ਇੰਦਰਜੀਤਪਾਲ ਕੌਰ, ਇੰਦਰਜੀਤ ਕੌਰ ਲੋਟੇ, ਗੁਰਦੇਵ ਸਿੰਘ ਨੇਵੀ, ਪੂਨਮ, ਗੁਰਮੀਤ ਕੌਰ, ਦਲਜੀਤ ਸਿੰਘ ਬਾਗ਼ੀ, ਸੰਧੇ ਸੁਖਬੀਰ, ਸੋਮਨਾਥ ਭੱਟੀ, ਤ੍ਰਲੋਚਨ ਝਾਂਡੇ, ਭਗਵਾਨ ਢਿੱਲੋਂ, ਕੇ ਸਾਧੂ ਸਿੰਘ, ਤਰਲੋਚਨ ਸਿੰਘ, ਨੇਤਰ ਸਿੰਘ ਮੁੱਤੋ, ਡਾ. ਜਸਪਾਲ ਸਿੰਘ, ਹਰਵਿੰਦਰ ਸਿੰਘ, ਸਤਵਿੰਦਰ ਸਿੰਘ ਥਰੀਕੇ ਅਤੇ ਲਖਬੀਰ ਸਿੰਘ ਆਦਿ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਵਾਹ ਵਾਹ ਖੱਟੀ। ਇਸ ਮੌਕੇ ਮਰਹੂਮ ਗੀਤਕਾਰ ਦੇ ਜਨਮ ਦਿਨ ਦੀ ਖੁਸ਼ੀ ਵਿਚ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਅਤੇ ਸਕੱਤਰ ਇੰਦਰਜੀਤ ਕੌਰ ਲੋਟੇ ਵਲੋਂ ਲਿਆਂਦੇ ਖ਼ੂਬਸੂਰਤ ਕੇਕ ਨੂੰ ਕੱਟਣ ਦੀ ਰਸਮ ਹਾਜ਼ਰ ਸ਼ਖਸੀਅਤਾਂ ਵਲੋਂ ਉਚੇਚੇ ਤੌਰ ’ਤੇ ਨਿਭਾਈ ਗਈ।