ਅਮਿੱਟ ਪੈੜਾਂ ਛੱਡ ਗਿਆ ‘ਗੀਤਕਾਰ ਸੈਮੀਨਾਰ’
ਗੀਤਕਾਰਾਂ ਦੇ ਆਈਪੀਆਰਐੱਸ ਸੰਸਥਾ ਨਾਲ ਜੁੜਨ ਤੋਂ ਬਾਅਦ ਗੀਤਾਂ ਦੀ ਰਾਇਲਟੀ ਅਤੇ ਕਾਪੀਰਾਈਟ ਬਾਰੇ ਆ ਰਹੀਆਂ ਮੁਸ਼ਕਲਾਂ ’ਤੇ ਵਿਚਾਰਾਂ ਕਰਨ ਅਤੇ ਸਾਰਥਿਕ ਹੱਲ ਲੱਭਣ ਲਈ ਸਕਾਈ ਵਿਜ਼ਨ ਰਿਕਾਰਡਜ਼ ਦੇ ਸਹਿਯੋਗ ਨਾਲ ਉੱਘੇ ਗੀਤਕਾਰ ਜਰਨੈਲ ਘੁਮਾਣ, ਸਕਾਈ ਵਿਜਨ ਰਿਕਾਰਡਜ਼ ਦੇ ਡਾਇਰੈਕਟਰ ਅਤੇ ਫਿਲਮ ਨਿਰਮਾਤਾ ਬੰਨੀ ਸ਼ਰਮਾ, ਉੱਘੇ ਗੀਤਕਾਰ ਭੱਟੀ ਭੜੀ ਵਾਲਾ ਅਤੇ ਪੰਜਾਬੀ ਜ਼ਿੰਦਾਬਾਦ ਦੀ ਟੀਮ ਵੱਲੋਂ ਅੱਜ ਪੰਜਾਬੀ ਭਵਨ ਵਿੱਚ ਕਰਵਾਇਆ ‘ਗੀਤਕਾਰ ਸੈਮੀਨਾਰ’ ਅਮਿੱਟ ਪੈੜਾਂ ਛੱਡ ਗਿਆ। ਇਸ ਸੈਮੀਨਾਰ ਵਿੱਚ ਪੰਜਾਬ ਦੇ ਉੱਘੇ ਗੀਤਕਾਰਾਂ ਨੇ ਭਾਗ ਲਿਆ।
ਇਸ ਸੈਮੀਨਾਰ ਦੀ ਸ਼ੁਰੂਆਤ ਇੰਦਰਜੀਤ ਸਾਹਨੀ ਨੇ ਬੜੇ ਸੁਚੱਜੇ ਸ਼ਬਦਾਂ ਨਾਲ ਕੀਤੀ। ਜਰਨੈਲ ਘੁਮਾਣ ਨੇ ਦੱਸਿਆ ਕਿ ਸੈਮੀਨਾਰ ਵਿੱਚ ਪੰਜਾਬ ਭਰ ਦੇ ਗੀਤਕਾਰਾਂ ਨੂੰ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਗੀਤਕਾਰਾਂ ਨੂੰ ਆਈਪੀਆਰਐਸ ਵਿੱਚ ਡਾਟਾ ਅੱਪਲੋਡ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਅਤੇ ਇੰਨਾਂ ਦੇ ਹੱਲ ਲੱਭਣ ਲਈ ਆਈਪੀਆਰਐਸ ਦੀ ਟੀਮ ਨਾਲ ਰੂਬਰੂ ਕਰਵਾਇਆ ਗਿਆ। ਬੰਨ੍ਹੀ ਸ਼ਰਮਾ ਨੇ ਦੱਸਿਆ ਕਿ ਗੀਤਕਾਰਾਂ ਦੇ ਇਸ ਸੈਮੀਨਾਰ ਲਈ ਕੋਈ ਫੀਸ ਨਹੀਂ ਰੱਖੀ ਗਈ ਸੀ ਅਤੇ ਨਾ ਹੀ ਕਿਸੇ ਤੋਂ ਕੋਈ ਫੰਡ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕਾਈ ਵਿਜ਼ਨ ਰਿਕਾਰਡਜ਼ ਵੱਲੋਂ ਹੋਰ ਵੀ ਅਜਿਹੇ ਸੈਮੀਨਾਰ ਕਰਵਾਏ ਜਾਣਗੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਬੰਨੀ ਦੀ ਗੀਤਕਾਰਾਂ ਪ੍ਰਤੀ ਸੁਹਿਰਦ ਸੋਚ ਨੂੰ ਦੇਖਦੇ ਹੋਏ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਈ ਕਲਾਕਾਰਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਵੀ ਦਿੱਤਾ ਗਿਆ। ਸੈਮੀਨਾਰ ਵਿੱਚ ਆਏ ਸਾਰੇ ਹੀ ਗੀਤਕਾਰਾਂ ਨੂੰ ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਵੱਲੋਂ ਸਰਟੀਫਿਕੇਟ ਵੀ ਜਾਰੀ ਕੀਤੇ ਗਏ। ਸੰਸਥਾ ਦੇ ਚੇਅਰਮੈਨ ਜਰਨੈਲ ਘੁਮਾਣ ਨੇ ਦੱਸਿਆ ਕਿ ਸੈਮੀਨਾਰ ਸਾਹਮਣੇ ਆਈਆਂ ਗੀਤਕਾਰਾਂ ਦੀਆਂ ਮੰਗਾਂ ਨੂੰ ਇੱਕ ਮੰਗ ਪੱਤਰ ਦੇ ਰੂਪ ਵਿੱਚ ਵਫਦ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ। ਇਸ ਮੌਕੇ ਨਵੇਂ ਗੀਤਕਾਰਾਂ ਨੂੰ ਮੌਕਾ ਦੇਣ ਲਈ ‘ਪੰਜਾਬੀ ਜ਼ਿੰਦਾਬਾਦ’ ਦੇ ਬੈਨਰ ਹੇਠ ਇੱਕ ਨਿਵੇਕਲਾ ਰਿਐਲਿਟੀ ਸ਼ੋਅ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ। ਇਹ ਸਾਰਾ ਪ੍ਰੋਗਰਾਮ ‘ਪੰਜਾਬੀ ਜ਼ਿੰਦਾਬਾਦ’ ਦੇ ਮੈਂਬਰਾਂ ਇੱਦਰਜੀਤ ਸਾਹਨੀ, ਅਮਰਦੀਪ ਬੰਗਾ, ਹਰਸ਼ਦੀਪ ਬੰਗਾ, ਰਮੇਸ਼ ਨਈਯਰ, ਹਿਮਾਂਸ਼ੂ ਸ਼ਰਮਾ, ਹਨੀ ਧਾਲੀਵਾਲ, ਅਕਾਸ਼ਦੀਪ ਦੇ ਯਤਨਾਂ ਨਾਲ ਨੇਪਰੇ ਚੜ੍ਹਿਆ। ਇਸ ਸੈਮੀਨਾਰ ਵਿੱਚ ਪਹੁੰਚੇ ਗੀਤਕਾਰਾਂ ’ਚ ਅਲਬੇਲਾ ਬਰਾੜ, ਮਦਨ ਜਲੰਧਰੀ, ਮਨਪ੍ਰੀਤ ਟਿਵਾਣਾ, ਦਵਿੰਦਰ ਖੰਨੇ ਵਾਲਾ, ਬਿੱਟੂ ਖੰਨੇ ਵਾਲਾ, ਅਸ਼ੋਕ ਬਾਂਸਲ, ਭੰਗੂ ਫਲੇੜੇ ਵਾਲਾ, ਕੁਲਦੀਪ ਕੰਡਿਆਰਾ, ਕਰਨੈਲ ਸਿਵੀਆ, ਸੰਧੇ ਸੁਖਬੀਰ, ਸ਼ੇਰ ਰਾਣਵਾਂ, ਬਾਜਵਾ ਸਿੰਘ ਤੇ ਹੋਰ ਸ਼ਾਮਲ ਸਨ।