ਸਿੱਖ ਨੌਜਵਾਨ ਸੁਸਾਇਟੀ ਨੇ ਹੜ੍ਹ ਪੀੜਤਾਂ ਲਈ ਸਾਮਾਨ ਭੇਜਿਆ
ਸਿੱਖ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਸਦਕਾ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਫੋਲਡਿੰਗ ਮੰਜੇ, ਗੱਦੇ, ਬਿਸਤਰੇ ਅਤੇ ਗਰਮ ਸ਼ਾਲਾਂ ਆਦਿ ਭੇਜੀਆਂ ਗਈਆਂ ਹਨ। ਅੱਜ ਰਾਹਤ ਸਮੱਗਰੀ ਭੇਜਣ ਸਮੇਂ ਸੁਸਾਇਟੀ ਦੇ ਪ੍ਰਧਾਨ ਮਨਿੰਦਰ ਸਿੰਘ ਅਹੂਜਾ ਅਤੇ ਰਾਜਵੰਤ ਸਿੰਘ ਵੋਹਰਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪਿਛਲੇ 25-30 ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਘਰ ਘਰ ਜਾ ਕੇ ਸੁੱਕਾ ਰਾਸ਼ਨ, ਮੈਡੀਕਲ ਕਿੱਟਾਂ ਅਤੇ ਤਰਪਾਲਾਂ ਆਦਿ ਵੰਡੀਆਂ ਗਈਆਂ ਸਨ। ਲੋਕਾਂ ਦੇ ਘਰਾਂ ਵਿਚ ਬਹੁਤ ਹੀ ਜ਼ਿਆਦਾ ਪਾਣੀ ਆਉਣ ਕਾਰਨ ਲੋਕਾਂ ਦਾ ਫਰਨੀਚਰ, ਕੱਪੜੇ ਅਤੇ ਭਾਂਡੇ ਆਦਿ ਸਭ ਕੁਝ ਹੀ ਖ਼ਰਾਬ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਜਿਸ ਵੀ ਚੀਜ਼ ਦੀ ਲੋੜ ਹੋਵੇ ਉਹ ਜਥੇਬੰਦੀ ਨਾਲ ਜ਼ਰੂਰ ਸੰਪਰਕ ਕਰਨ। ਇਸ ਮੌਕੇ ਕੌਂਸਲਰ ਸਿਮਰਨਜੀਤ ਸਿੰਘ ਸਿਮੂ ਨੇ ਸੁਸਾਇਟੀ ਪ੍ਰਬੰਧਕਾਂ ਦਾ ਇਸ ਸੇਵਾ ਲਈ ਧੰਨਵਾਦ ਕੀਤਾ। ਇਸ ਮੌਕੇ ਗੁਰਮੀਤ ਸਿੰਘ ਰੋਮੀ, ਹਰਿੰਦਰ ਪਾਲ ਸਿੰਘ ਲੱਕੀ, ਦਵਿੰਦਰ ਸਿੰਘ ਪੱਪੂ ਅਤੇ ਮਨਿੰਦਰ ਪਾਲ ਸਿੰਘ ਸੋਨੂੰ ਆਦਿ ਵੀ ਹਾਜ਼ਰ ਸਨ।