ਹੇਡੋਂ ਬੇਟ ਦੰਗਲ ਮੇਲਾ ਸਿਕੰਦਰ ਸੇਖ਼ ਨੇ ਜਿੱਤਿਆ
ਨੇੜਲੇ ਪਿੰਡ ਹੇਡੋਂ ਬੇਟ ਦਾ ਕੁਸ਼ਤੀ ਦੰਗਲ ਗ੍ਰਾਮ ਪੰਚਾਇਤ, ਮੇਲਾ ਪ੍ਰਬੰਧਕ ਕਮੇਟੀ, ਐੱਨ.ਆਰ.ਆਈ. ਭਰਾਵਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁੱਗਾ ਜਾਹਿਰ ਵੀਰ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਜਿਸ ਵਿਚ 350 ਤੋਂ ਵੱਧ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਦੰਗਲ ਮੇਲੇ ’ਚ ਝੰਡੀ ਦੀ ਕੁਸ਼ਤੀ ਵਿਚ ਸਿਕੰਦਰ ਸੇਖ਼ ਨੇ ਅਜੈ ਬਾਰਨ ਨੂੰ ਚਿੱਤ ਕਰਕੇ ਅਜੈਪ੍ਰੀਤ ਸਿੰਘ ਅਮਰੀਕਾ ਵਲੋਂ ਦਿੱਤੀ ਜੀਪ ਜਿੱਤੀ, ਦੂਸਰੇ ਨੰਬਰ ਦੀ ਕੁਸ਼ਤੀ ਵਿਚ ਮਹਿੰਦਰ ਗਾਇਕਵਾੜ ਨੇ ਦਿਨੇਸ਼ ਗੁਣੀਆ ਨੂੰ ਹਰਾਇਆ, ਤੀਜੇ ਨੰਬਰ ਦੀ ਕੁਸ਼ਤੀ ਮਿਰਜਾ ਇਰਾਨੀ ਤੇ ਗੌਰਵ ਮਾਛੀਵਾੜਾ ਵਿਚਕਾਰ ਬਰਾਬਰ ਰਹੀ ਜਦਕਿ ਛੋਟਾ ਸੁਦਾਮ ਨੇ ਸਮੀਰ ਮਹਾਂਰਾਸ਼ਟਰ ਨੂੰ ਹਰਾਇਆ। ਨੀਰਜ ਰੋਹਤਕ ਨੇ ਧਰਮਿੰਦਰ ਕੁਹਾਲੀ ਨੂੰ ਹਰਾਇਆ ਜਦਕਿ ਉਮੇਸ਼ ਮਥੁਰਾ ਤੇ ਪ੍ਰਿਤਪਾਲ ਫਗਵਾੜਾ ਦੀ ਕੁਸ਼ਤੀ ਬਰਾਬਰ ਰਹੀ। ਪਰਮਿੰਦਰ ਬਾਬਾ ਫਲਾਹੀ ਨੇ ਸ਼ੇਰ ਲੱਲੀਆਂ ਨੂੰ ਹਰਾਇਆ। ਮੇਲੇ ਦਾ ਅੱਖੀਂ ਡਿੱਠਾ ਹਾਲ ਮਨਜੀਤ ਕੰਗ ਤੇ ਕੁਲਵੀਰ ਕਾਈਨੌਰ ਨੇ ਸੁਣਾਇਆ। ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਨ ਦੀ ਰਸਮ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਬਾਬਾ ਦੀਪ ਫਲਾਹੀ ਵਾਲਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਮੰਡਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਸ਼ਰਮਾ, ਕੌਂਸਲਰ ਜਗਮੀਤ ਸਿੰਘ ਮੱਕੜ, ਟਰੱਕ ਯੂਨੀਅਨ ਪ੍ਰਧਾਨ ਬਲਪ੍ਰੀਤ ਸਿੰਘ ਸ਼ਾਮਗੜ੍ਹ, ਸੰਗਠਨ ਇੰਚਾਰਜ਼ ਜਸਪ੍ਰੀਤ ਸਿੰਘ ਮਾਂਗਟ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਪ੍ਰਵੀਨ ਮੱਕੜ ਅਤੇ ਪ੍ਰਬੰਧਕ ਸੁਰਿੰਦਰ ਬਾਂਸਲ ਆਦਿ ਨੇ ਅਦਾ ਕੀਤੀ। ਦੰਗਲ ਮੇਲੇ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਆਏ ਪਤਵੰਤਿਆਂ ਤੇ ਪਹਿਲਵਾਨਾਂ ਦਾ ਸਨਮਾਨ ਕੀਤਾ।