ਮੈਨੇਜਰ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ
ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਲੱਖੋਵਾਲ-ਗੱਦੋਵਾਲ ਦੇ ਵਾਸੀ ਸਤਵੰਤ ਸਿੰਘ ਦੇ ਘਰ ਬਾਹਰ ਕਿਸੇ ਅਣਪਛਾਤੇ ਵਿਅਕਤੀ ਨੇ 10 ਤੋਂ ਵੱਧ ਫਾਇਰ ਕੀਤੇ। ਇਸ ਦੌਰਾਨ ਵਿਹੜੇ ਵਿੱਚ ਘੁੰਮਦੇ ਉਸ ਦੇ ਲੜਕੇ ਜੋਬਨਪ੍ਰੀਤ ਸਿੰਘ ’ਤੇ ਗੋਲੀ ਦਾ ਛਰਾ ਵੱਜਿਆ, ਜਿਸ ਕਾਰਨ ਉਹ ਜਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8 ਵਜੇ ਕਾਰ ਸਵਾਰ ਵਿਅਕਤੀ ਨੇ ਪਹਿਲਾਂ ਸਤਵੰਤ ਸਿੰਘ ਦੇ ਘਰ ਬਾਹਰ ਖੜ੍ਹ ਕੇ ਗਾਲੀ-ਗਲੋਚ ਕੀਤੀ ਅਤੇ ਫਿਰ 10 ਤੋਂ ਵੱਧ ਫਾਇਰ ਘਰ ਦੇ ਦਰਵਾਜ਼ੇ ਵੱਲ ਮਾਰੇ। ਘਰ ਦੇ ਵਿਹੜੇ ਵਿੱਚ ਜੋਬਨਪ੍ਰੀਤ ਸਿੰਘ ਘੁੰਮ ਰਿਹਾ ਸੀ ਤਾਂ ਇੱਕ ਗੋਲੀ ਦਾ ਛਰਾ ਉਸਦੀ ਲੱਤ ਵਿੱਚ ਵੱਜਾ। ਜੋਬਨਪ੍ਰੀਤ ਸਿੰਘ ਨੂੰ ਕੂੰਮਕਲਾਂ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਮਾਮੂਲੀ ਪੱਟੀ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਗੋਲੀ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਸਾਹਨੇਵਾਲ ਦੇ ਏ ਸੀ ਪੀ ਇੰਦਰਜੀਤ ਸਿੰਘ, ਥਾਣਾ ਮੁਖੀ ਕਰਮਜੀਤ ਸਿੰਘ ਵੀ ਪੁਲੀਸ ਪਾਰਟੀ ਸਣੇ ਮੌਕੇ ’ਤੇ ਪੁੱਜ ਗਏ। ਪੁਲੀਸ ਵੱਲੋਂ ਸਤਵੰਤ ਸਿੰਘ ਦੇ ਘਰ ਦੇ ਬਾਹਰੋਂ ਖਾਲੀ ਕਾਰਤੂਸ ਵੀ ਇਕੱਤਰ ਕੀਤੇ। ਪੁਲੀਸ ਵੱਲੋਂ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸਤਵੰਤ ਸਿੰਘ ਇੱਕ ਕੋਲਡ ਸਟੋਰ ਵਿੱਚ ਬਤੌਰ ਮੈਨੇਜਰ ਡਿਊਟੀ ਕਰਦਾ ਹੈ।
ਪੁਲੀਸ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ
ਸਾਹਨੇਵਾਲ ਦੇ ਏ ਸੀ ਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਤਵੰਤ ਸਿੰਘ ਦੇ ਘਰ ਬਾਹਰ ਫਾਇਰਿੰਗ ਕਰਨ ਵਾਲੇ ਖ਼ਿਲਾਫ਼ ਕਾਤਲਾਨਾ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵਲੋਂ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
