ਜਵੱਦੀ ਟਕਸਾਲ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਸਨਮਾਨ
ਗੁਰਿੰਦਰ ਸਿੰਘ
ਲੁਧਿਆਣਾ, 15 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸੰਤ ਗਿਆਨੀ ਅਮੀਰ ਸਿੰਘ ਨੂੰ ਮਿਲਣ ਲਈ ਉਚੇਚੇ ਤੌਰ ’ਤੇ ਪੁੱਜੇ ਜਿੱਥੇ ਜਵੱਦੀ ਟਕਸਾਲ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਸੰਤ ਗਿਆਨੀ ਅਮੀਰ ਸਿੰਘ ਨਾਲ ਅਜੋਕੀ ਪੰਥਕ ਹਾਲਤ ਅਤੇ ਭਵਿੱਖ ਦੀ ਫ਼ਿਕਰਮੰਦੀ ਸਬੰਧੀ ਵਿਚਾਰਾਂ ਕੀਤੀਆਂ। ਉਨ੍ਹਾਂ ਮੌਜੂਦਾ ਮੁਸ਼ਕਲਾਂ ਦੇ ਨਿਪਟਾਰੇ ਦੇ ਨਾਲ ਨਾਲ ਭਵਿੱਖ ਦੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਆਏ ਸੁਝਾਵਾਂ ਨੂੰ ਵਿਚਾਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਐਡਵੋਕੇਟ ਧਾਮੀ ਨੇ ਕਿਹਾ ਕਿ ਅਜੋਕੇ ਦੌਰ ’ਚ ਜਦੋਂ ਪੱਛਮੀ ਸੰਗੀਤ ਅਤੇ ਰੀਮਿਕਸ ਰਾਹੀਂ ਰੂਹਾਨੀ ਸੰਗੀਤ ਵਿੱਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ ਤਾਂ ਅਜਿਹੇ ਵਿੱਚ ਜਵੱਦੀ ਟਕਸਾਲ ਵਲੋਂ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਗੁਰਮਤਿ ਸੰਗੀਤ ਦੀ ਜਾਣਕਾਰੀ ਦੇ ਕੇ, ਆਪਣਾ ਅਮੀਰ ਵਿਰਸਾ ਸੰਭਾਲਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਇਸੇ ਗੱਲ ਦੀ ਲੋੜ ਹੈ ਕਿ ਅਸੀਂ ਆਪਣੀ ਫਾਸਟ ਟਰੈਕ ਵਾਲੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢ ਕੇ ਵਾਪਸ ਆਪਣੇ ਸ਼ਾਨਾਂਮੱਤੇ ਅਮੀਰ ਵਿਰਸੇ ਵਿੱਚੋਂ ਕੁਝ ਰੂਹਾਨੀ ਧੁੰਨਾਂ, ਕੁਝ ਦੇਸੀ ਪਕਵਾਨ, ਭਾਵ ਸਿਹਤਮੰਦ ਖੁਰਾਕ ਅਤੇ ਸੱਭਿਅਕ ਪਹਿਰਾਵੇ ਬਾਰੇ ਆਪਣੇ ਬੱਚਿਆਂ ਨੂੰ ਜਾਣਕਾਰੀ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਜ਼ਰੂਰੀ ਅੰਗ ਬਣਾਈਏ।
ਉਨ੍ਹਾਂ ਕਿਹਾ ਕਿ ਬਾਬਾ ਅਮੀਰ ਸਿੰਘ ਸੈਮੀਨਾਰ, ਗੁਰਮਤਿ ਸੰਗੀਤ ਦੀ ਵਰਕਸ਼ਾਪ ਅਤੇ ਹੋਰ ਇਸ ਖੇਤਰ ਵੱਲ ਵਡਮੁੱਲਾ ਯੋਗਦਾਨ ਪਾ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਵੱਦੀ ਟਕਸਾਲ ਵੱਲੋਂ ਹਰ ਸਾਲ ਕਰਵਾਏ ਜਾਂਦੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ, ਭਾਈ ਅਮਰਜੀਤ ਸਿੰਘ ਚਾਵਲਾ, ਜਥੇਦਾਰ ਜਗਜੀਤ ਸਿੰਘ ਤਲਵੰਡੀ (ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ), ਅਕਾਲੀ ਆਗੂ ਬਾਬਾ ਅਜੀਤ ਸਿੰਘ, ਡਾ. ਜੋਗਿੰਦਰ ਸਿੰਘ ਝੱਜ, ਗਿਆਨੀ ਗੁਰਦੇਵ ਸਿੰਘ ਤੇ ਬਾਪੂ ਜੋਗਿੰਦਰ ਸਿੰਘ ਆਦਿ ਵੀ ਹਾਜ਼ਰ ਸਨ।