ਸ਼ਾਹ ਦੀਆਂ ਟਿੱਪਣੀਆਂ ਹਿੰਸਾ ਤੇ ਗੁੰਡਾ ਗਰੋਹਾਂ ਦੀ ਪੁਸ਼ਤ ਪਨਾਹੀ: ਇਨਕਲਾਬੀ ਕੇਂਦਰ
ਸੁਪਰੀਮ ਕੋਰਟ ਵੱਲੋਂ ਕਰੀਬ 15 ਸਾਲ ਪੁਰਾਣੇ ਸਲਵਾ ਜੁਡਮ ਬਾਰੇ ਫ਼ੈਸਲੇ ਖ਼ਿਲਾਫ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਟਿੱਪਣੀਆਂ ਆਪਣੇ ਹੀ ਦੇਸ਼ ਦੇ ਲੋਕਾਂ ਖ਼ਿਲਾਫ਼ ਹਿੰਸਾ ਨੂੰ ਜਾਇਜ਼ ਠਹਿਰਾਉਣ ਅਤੇ ਕਾਨੂੰਨ ਦੇ ਵਿਰੁੱਧ ਹਨ। ਅਜਿਹੀਆਂ ਟਿੱਪਣੀਆਂ ਪਿੱਛੇ ਗੰਭੀਰ ਅਤੇ ਖ਼ਤਰਨਾਕ ਮਕਸਦ ਛੁਪੇ ਹੋਏ ਹਨ। ਇਨਕਲਾਬੀ ਕੇਂਦਰ ਪੰਜਾਬ ਨੇ ਇਸ ਮਾਮਲੇ ਵਿੱਚ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸਾਬਕਾ ਜੱਜਾਂ ਅਤੇ ਸੀਨੀਅਰ ਵਕੀਲਾਂ ਵੱਲੋਂ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਬਿਆਨ ਨੂੰ ਅਫ਼ਸੋਸਨਾਕ ਕਰਾਰ ਦਿੱਤਾ ਗਿਆ ਹੈ। ਗ੍ਰਹਿ ਮੰਤਰੀ ਵੱਲੋਂ ਸੁਪਰੀਮ ਕੋਰਟ ਦੇ ਬੈਂਚ ਵੱਲੋਂ ਦਿੱਤੇ ਫ਼ੈਸਲੇ ਦੇ ਮਾਮਲੇ ਵਿੱਚ ਜਸਟਿਸ ਬੀ ਸੁਦਰਸ਼ਨ ਰੈਡੀ ਉਪਰ ਉਂਗਲ ਉਠਾਉਣੀ ਕੇਵਲ ਅਨੈਤਿਕ ਹੀ ਨਹੀਂ ਹੈ ਸਗੋਂ ਕਾਨੂੰਨ ਦੇ ਰਾਜ ਉਪਰ ਹਮਲਾ ਹੈ।
ਉਨ੍ਹਾਂ ਕਿਹਾ ਕਿ 9 ਸਤੰਬਰ ਨੂੰ ਉਪ ਰਾਸ਼ਟਰਪਤੀ ਹੋਣ ਵਾਲੀ ਦੀ ਚੋਣ ਵਿੱਚ ਵਿਰੋਧੀ ਧਿਰ ਦੇ ਉਮੀਦਵਾਰ ਜਸਟਿਸ ਬੀ ਸੁਦਰਸ਼ਨ ਰੈਡੀ ਉਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੂਰੀ ਤਰ੍ਹਾਂ ਗ਼ੈਰਵਾਜਬ ਟਿੱਪਣੀ ਕੀਤੀ ਹੈ। ਕਾਬਲੇ ਗ਼ੌਰ ਹੈ ਕਿ ਜਸਟਿਸ ਰੈਡੀ ਅਤੇ ਜਸਟਿਸ ਐੱਸ.ਐੱਸ ਨਿੱਝਰ ਦੇ ਬੈਂਚ ਨੇ ਸਲਵਾ ਜੁਡਮ ਨੂੰ ਭੰਗ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦਾ ਤਾਜ਼ਾ ਬਿਆਨ ਉਪ-ਰਾਸ਼ਟਰਪਤੀ ਦੀ ਚੋਣ ਵਿੱਚ ਵਿਰੋਧੀ ਧਿਰ ਦੇ ਉਮੀਦਵਾਰ ਪ੍ਰਤੀ ਅੰਨ੍ਹੀ ਫ਼ਿਰਕੂ ਨਫ਼ਰਤ ਦਾ ਪ੍ਰਚਾਰ ਕਰ ਕੇ ਐਨ.ਡੀ.ਏ ਦੇ ਉਮੀਦਵਾਰ ਦੀ ਜਿੱਤ ਪੱਕੀ ਕਰਨਾ ਚਾਹੁੰਦੇ ਹਨ।