ਸ਼ਾਹੀ ਇਮਾਮ ਵੱਲੋਂ ਫਿਰਕੂ ਨਫ਼ਰਤ ਤੋਂ ਸੁਚੇਤ ਰਹਿਣ ਦੀ ਅਪੀਲ
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 9 ਜੁਲਾਈ
ਮਦਰਸਾ ਉਮਰ ਫਾਰੁਕ ਦਲੀਜ ਰੋਡ ਵੱਲੋਂ ਅੱਜ ਇਥੇ ਮੁਫ਼ਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਉਸਮਾਨ ਲੁਧਿਆਣਵੀ ਨੇ ਐਂਬੂਲੈਂਸ ਸੇਵਾ ਦਾ ਉਦਘਾਟਨ ਕਰਨ ਮਗਰੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ ਨਫ਼ਰਤ ਫੈਲਾਉਣ ਵਾਲੀ ਆਨਲਾਈਨ ਪੇਸ਼ਕਾਰੀ ਤੋਂ ਸੁਚੇਤ ਰਹਿਣ।
ਸ਼ਾਹੀ ਇਮਾਮ ਨੇ ਅਫਸੋਸ ਪ੍ਰਗਟ ਕੀਤਾ ਕਿ ਦੁਨੀਆਂ ਭਰ ਦੇ ਲੋਕ ਔਨਲਾਈਨ ਪਲੈਟਫਾਰਮਾਂ ਰਾਹੀਂ ਇੱਕ ਦੂਜੇ ਨਾਲ ਵਿਵਹਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਆਮ ਤੌਰ ’ਤੇ ਲਗਪਗ ਸਾਰੇ ਭਾਈਚਾਰਿਆਂ ਵਿੱਚ ਬੇਭਰੋਸਗੀ ਅਤੇ ਉਲਾਰੂ ਸਥਿਤੀ ਨੂੰ ਪੇਸ਼ ਕਰਦੇ ਹਨ।
ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਗੈਰ-ਮੁਸਲਿਮ ਭਾਈਚਾਰਿਆਂ ਦੇ ਆਗੂਆਂ ਨੇ ਇਸ ਸੇਵਾ ਦਾ ਉਦਘਾਟਨ ਕਰਨ ਵੇਲੇ ਉਨ੍ਹਾਂ ਨਾਲ ਸ਼ਿਰਕਤ ਕੀਤੀ ਸੀ। ਮਦਰਸੇ ਦੇ ਮੈਨੇਜਰ ਕਾਰੀ ਫੁਰਕਾਨ ਨੇ ਕਿਹਾ ਕਿ ਸਾਰੇ ਭਾਈਚਾਰਿਆਂ ਲਈ ਮੁਫ਼ਤ ਸਿਹਤ ਸੰਭਾਲ ਸਹੂਲਤ ਸ਼ੁਰੂ ਕਰਨ ਦਾ ਫੈਸਲਾ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਕਿ ਹੁਣ ਤੱਕ ਮਦਰਸੇ ਦੀਆਂ ਵਿਦਿਅਕ ਸੇਵਾਵਾਂ ਆਮ ਤੌਰ ’ਤੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਲਈ ਉਪਲਬਧ ਹੁੰਦੀਆਂ ਹਨ ਜਦੋਂ ਕਿ ਐਂਬੂਲੈਂਸ ਸੇਵਾਵਾਂ ਸਾਰਿਆਂ ਲਈ ਦਿੱਤੀਆਂ ਜਾ ਸਕਣਗੀਆਂ।