ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਸਥਾਨਕ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਵਿਚ ਭਾਰਤ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 118ਵਾਂ ਜਨਮ ਦਿਨ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਦੇਸ਼ੀ ਭਗਤੀ ਸਬੰਧੀ ਭਾਸ਼ਣ ਪ੍ਰਤੀਯੋਗਤਾ, ਕਵਿਤਾ ਉਚਾਰਨ ਅਤੇ ਗੀਤ ਗਾਉਣ ਦੇ ਮੁਕਾਬਲਿਆਂ ਦੇ ਨਾਲ-ਨਾਲ ਫੈਂਸੀ ਡਰੈੱਸ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਸਕੂਲ ਵੱਲੋਂ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਜਮਾਲਪੁਰ (ਲੁਧਿਆਣਾ) ਦੇ ਡਾਕਟਰਾਂ ਦੀ ਟੀਮ ਬੁਲਾ ਕੇ ਸਾਰੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕਰਵਾਈ ਗਈ। ਬੱਚਿਆਂ ਵੱਲੋਂ ਦੰਦਾਂ ਦੀ ਸਾਂਭ-ਸੰਭਾਲ ਸਬੰਧੀ ਬਣਾਏ ਗਏ ਚਾਰਟ ਵੀ ਖਿੱਚ ਦਾ ਕੇਂਦਰ ਬਣੇ ਰਹੇ। ਡਾ. ਨਵਦੀਪ ਕੌਰ ਵਾਲੀਆ ਪ੍ਰੋਫੈਸਰ ਅਤੇ ਹੈੱਡ ਆਫ਼ ਹੈਲਥ ਡੈਂਟਿਸਰੀ ਵਿਭਾਗ ਦੀ ਅਗਵਾਈ ਵਿਚ ਪਹੁੰਚੀ ਟੀਮ ਵਿੱਚ ਡਾ. ਪ੍ਰੀਤਇੰਦਰ ਸਿੰਘ ਮੌਖਾ ਲੈਕਚਰਰ, ਡਾ. ਗਗਨਦੀਪ ਕੌਰ ਲੈਕਚਰਰ ਤੋਂ ਇਲਾਵਾ 10 ਹੋਰ ਦੰਦਾਂ ਦੇ ਮਾਹਿਰ ਡਾਕਟਰਾਂ ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਦਾ ਡੈਂਟਲ ਚੈੱਕਅਪ ਕਰਨ ਉਪਰੰਤ ਉਨ੍ਹਾਂ ਨੂੰ ਲੋੜੀਂਦੇ ਸੁਝਾਅ ਵੀ ਦਿੱਤੇ। ਡਾ. ਨਵਦੀਪ ਕੌਰ ਵਾਲੀਆ ਨੇ ਬੱਚਿਆਂ ਨੂੰ ਜੰਕ ਫੂਡ ਅਤੇ ਕੋਲਡ-ਡਰਿੰਕਸ ਤੋਂ ਪਰਹੇਜ਼ ਕਰਨ ਦੇ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਬਰੱਸ਼ ਕਰਨ ਦੀ ਸਲਾਹ ਦਿੱਤੀ। ਮਨੀਸ਼ ਜੈਨ ਵਲੋਂ ਡਾਕਟਰਾਂ ਦੀ ਟੀਮ ਦਾ ਸਵਾਗਤ ਕੀਤਾ ਗਿਆ। ਸਕੂਲ ਪ੍ਰਬੰਧਕ ਦਰਸ਼ਨ ਜੈਨ ਨੇ ਬੱਚਿਆਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਦੇਸ਼ ਦੀ ਅਜ਼ਾਦੀ ਲਈ ਜਾਨ ਕੁਰਬਾਨ ਕਰਨ ਵਾਲੇ ਸਾਰੇ ਸੂਰਮਿਆਂ ਦੇ ਦਿਖਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਆ। ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੇ ਨਾਲ-ਨਾਲ ਡਾਕਟਰਾਂ ਦੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ।