ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਵਰੇਜ ਪਾਈਪ ਟੁੱਟੀ, ਇਲਾਕੇ ’ਚ ਭਰਿਆ ਸੀਵਰੇਜ ਦਾ ਪਾਣੀ

ਵਾਰਡ ਨੰਬਰ 15 ’ਚ ਹਾਲਾਤ ਬੱਦਤਰ; ਨਿਗਮ ਦੀ ਟੀਮ ਇੱਕ ਹਫ਼ਤੇ ਤੋਂ ਕਰ ਰਹੀ ਹੈ ਮੁਰੰਮਤ
ਸੀਵਰੇਜ ਦੇ ਪਾਣੀ ਨਾਲ ਭਰੀ ਵਾਰਡ ਨੰਬਰ 15 ਦੀ ਗਲੀ
Advertisement

ਹਲਕਾ ਪੂਰਬੀ ਦੇ ਵਾਰਡ ਨੰਬਰ 15 ਵਿੱਚ ਸੀਵਰੇਜ ਪਾਈਪ ਟੁੱਟਣ ਕਾਰਨ ਪੂਰੇ ਇਲਾਕੇ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ ਤੇ ਗਲੀਆਂ ਵਿੱਚ ਗੋਡੇ ਗੋਡੇ ਸੀਵਰੇਜ ਦਾ ਪਾਣੀ ਖੜ੍ਹਾ ਹੋ ਗਿਆ ਹੈ।

ਵਾਰਡ ਨੰਬਰ 15 ਦੇ ਨਿਊ ਸਟਾਰ ਸਿਟੀ ਕਲੋਨੀ ਅਤੇ ਹਰਚਰਨ ਨਗਰ ਇਲਾਕੇ ਦੀਆਂ ਗਲੀਆਂ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਹਰ ਗਲੀ ਵਿੱਚ ਗੰਦਾ ਪਾਣੀ ਹੈ। ਟਿੱਬਾ ਥਾਣੇ ਦੀ ਗੱਲ ਕਰੀਏ ਤਾਂ ਟਿੱਬਾ ਥਾਣੇ ਦੇ ਬਾਹਰ ਵੀ ਗੋਡਿਆਂ ਤੱਕ ਪਾਣੀ ਹੈ। ਜਿੱਥੇ ਇਲਾਕੇ ਦੇ ਲੋਕ ਬਦਬੂ ਕਾਰਨ ਬੁਰੀ ਹਾਲਤ ਵਿੱਚ ਹਨ ਅਤੇ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਇਲਾਕੇ ਦੀ ਸੁਰੱਖਿਆ ਲਈ ਤਾਇਨਾਤ ਟਿੱਬਾ ਥਾਣੇ ਦੇ ਅੰਦਰ ਜਾਣ ਲਈ ਵੀ ਕੋਈ ਰਸਤਾ ਨਹੀਂ ਹੈ। ਪੁਲੀਸ ਮੁਲਾਜ਼ਮ ਪੈਦਲ ਥਾਣੇ ਦੇ ਅੰਦਰ ਨਹੀਂ ਜਾ ਸਕਦੇ, ਥਾਣੇ ਦੇ ਬਾਹਰ ਇੱਕ ਫੁੱਟ ਤੱਕ ਪਾਣੀ ਖੜ੍ਹਾ ਹੋ ਗਿਆ ਹੈ ਜਿਸ ਕਾਰਨ ਉਥੇ ਮੁਲਾਜ਼ਮਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਪ੍ਰਾਪਤ ਜਾਣਕਾਰੀ ਅਨੁਸਾਰ ਟਿੱਬਾ ਥਾਣੇ ਨੇੜੇ ਮੁਹੱਲਾ ਨਿਊ ਸਟਾਰ ਸਿਟੀ ਕਲੋਨੀ ਅਤੇ ਮੁਹੱਲਾ ਹਰਚਰਨ ਨਗਰ ਵਿੱਚ ਹਾਲ ਹੀ ਵਿੱਚ ਹੋਈ ਬਾਰਿਸ਼ ਦੌਰਾਨ ਸੀਵਰੇਜ ਪਾਈਪ ਟੁੱਟ ਗਈ। ਜਿਸ ਤੋਂ ਬਾਅਦ ਪਾਣੀ ਦੀ ਨਿਕਾਸੀ ਨਹੀਂ ਹੋਈ ਅਤੇ ਨਾਲੀਆਂ ਪਾਣੀ ਨਾਲ ਭਰ ਗਈਆਂ। ਪਾਈਪ ਇੱਕ ਹਫ਼ਤੇ ਤੋਂ ਟੁੱਟੀ ਹੋਈ ਹੈ, ਨਿਗਮ ਅਧਿਕਾਰੀ ਇਸ ਦੀ ਮੁਰੰਮਤ ਵਿੱਚ ਰੁੱਝੇ ਹੋਏ ਹਨ। ਦੋ ਇਲਾਕਿਆਂ ਵਿੱਚ ਸੀਵਰੇਜ ਦਾ ਪਾਣੀ ਇੰਨਾ ਜ਼ਿਆਦਾ ਫੈਲ ਗਿਆ ਹੈ ਕਿ ਲੋਕ ਬਦਬੂ ਤੋਂ ਪ੍ਰੇਸ਼ਾਨ ਹਨ। ਇਸ ਸਬੰਧੀ ਲੋਕਾਂ ਨੇ ਦੋ ਦਿਨ ਪਹਿਲਾਂ ਵਿਧਾਇਕ, ਕੌਂਸਲਰ ਤੇ ਮੇਅਰ ਵਿਰੁੱਧ ਪ੍ਰਦਰਸ਼ਨ ਵੀ ਕੀਤਾ ਸੀ।

ਪੰਜ ਇਲਾਕਿਆਂ ਦੀ ਸੀਵਰੇਜ ਪਾਈਪ ਟੁੱਟੀ: ਵਿਧਾਇਕ

ਪੂਰਬੀ ਹਲਕੇ ਤੋਂ ‘ਆਪ’ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਪੰਜ ਇਲਾਕਿਆਂ ਦੀ ਸੀਵਰੇਜ ਪਾਈਪ ਟੁੱਟੀ ਹੋਈ ਹੈ। ਜਿਸ ਕਾਰਨ ਇਲਾਕੇ ਵਿੱਚ ਪਾਣੀ ਇਕੱਠਾ ਹੋ ਗਿਆ ਹੈ। ਨਗਰ ਨਿਗਮ ਦੇ ਮੁਲਾਜ਼ਮ ਇਲਾਕੇ ਵਿੱਚ ਸੀਵਰੇਜ ਪਾਈਪ ਦੀ ਮੁਰੰਮਤ ਵਿੱਚ ਲੱਗੇ ਹੋਏ ਹਨ। ਕੁਝ ਕੰਮ ਹੋ ਗਿਆ ਹੈ ਅਤੇ ਕੁਝ ਕੰਮ ਹਾਲੇ ਵੀ ਬਾਕੀ ਹੈ। ਕੰਮ ਚੱਲ ਰਿਹਾ ਹੈ। ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਪਾਈਪ ਦੀ ਮੁਰੰਮਤ ਕਰ ਦਿੱਤੀ ਜਾਵੇਗੀ ਅਤੇ ਪਾਣੀ ਬਾਹਰ ਕੱਢ ਦਿੱਤਾ ਜਾਵੇਗਾ।

ਨਿਗਮ ਮੇਅਰ ਦੀ ਰਿਹਾਇਸ਼ ਨੇੜੇ ਵਿਗੜੇ ਹਾਲਾਤ

ਨਗਰ ਨਿਗਮ ਦੀਆਂ ਟੀਮਾਂ ਪਿਛਲੇ ਇੱਕ ਹਫ਼ਤੇ ਤੋਂ ਸੀਵਰੇਜ ਪਾਈਪਾਂ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਹੁਣ ਤੱਕ ਇਸ ਦੇ ਕੁਝ ਹਿੱਸੇ ਦੀ ਹੀ ਮੁਰੰਮਤ ਹੋਈ ਹੈ। ਜਿਸ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਹੈ, ਉਹ ਪੂਰਬੀ ਹਲਕੇ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਘਰ ਤੋਂ ਥੋੜ੍ਹੀ ਦੂਰੀ ’ਤੇ ਹੈ ਅਤੇ ਵਾਰਡ 13 ਦੀ ਹੱਦ ਵਾਰਡ 15 ਨਾਲ ਸ਼ੁਰੂ ਹੁੰਦੀ ਹੈ, ਜੋ ਸ਼ਹਿਰ ਦੀ ਮੇਅਰ ਇੰਦਰਜੀਤ ਕੌਰ ਦਾ ਇਲਾਕਾ ਹੈ ਅਤੇ ਉਹ ਇਸ ਇਲਾਕੇ ਵਿੱਚ ਹੀ ਰਹਿੰਦੀ ਹੈ।

Advertisement
Show comments