ਤਨਖਾਹ ਵਿੱਚ ਕਟੌਤੀ ਵਿਰੁੱਧ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਹੜਤਾਲ
ਸਨਅਤੀ ਸ਼ਹਿਰ ਦੇ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਤਨਖਾਹ ਵਿੱਚ ਦੇਰੀ ਅਤੇ ਕਟੌਤੀ ਦਾ ਵਿਰੋਧ ਕਰਦੇ ਹੋਏ ਸ਼ੁੱਕਰਵਾਰ ਨੂੰ ਸੇਵਾ ਕੇਂਦਰਾਂ ਵਿੱਚ ਕੰਮ ਬੰਦ ਕਰ ਦਿੱਤਾ। ਲੁਧਿਆਣਾ ਦੇ ਡੀਸੀ ਦਫ਼ਤਰ ਦੇ ਅੰਦਰ ਬਣੇ ਸੇਵਾ ਕੇਂਦਰ ਵਿੱਚ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ ਤੇ ਮੈਨੇਜ਼ਮੈਂਟ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਕੰਮ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਪੂਰੀ ਤਨਖਾਹ ਨਹੀਂ ਮਿਲ ਰਹੀ। ਕੰਮ ਬੰਦ ਹੋਣ ਕਾਰਨ ਮੈਨੇਜ਼ਮੈਂਬਟ ਕੰਪਨੀ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਵਾਪਸ ਲੈ ਲਿਆ ਗਿਆ ਅਤੇ ਦੋ ਘੰਟਿਆਂ ਲਈ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ।
ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਅੱਜ ਸਵੇਰੇ ਐਲਾਨਾ ਕਰ ਬੰਦ ਕਰ ਦਿੱਤਾ ਤੇ ਸੇਵਾ ਕੇਂਦਰ ਦੇ ਗੇਟ ’ਤੇ ਧਰਨਾ ਦਿੱਤਾ। ਉਨ੍ਹਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜ਼ਿਲ੍ਹਾ ਸੇਵਾ ਕੇਂਦਰ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਮੁਲਾਜ਼ਮ ਸਿਰਫ਼ 10,500 ਰੁਪਏ ਤਨਖਾਹ ’ਤੇ ਕੰਮ ਕਰ ਰਹੇ ਹਨ। ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਸੇਵਾ ਕੇਂਦਰਾਂ ਵਿੱਚ ਕੰਮ ਲਈ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਅਤੇ ਉਹ ਕੰਪਨੀ ਉਨ੍ਹਾਂ ਨੂੰ ਪੈਸੇ ਦਿੰਦੀ ਹੈ। ਕੰਪਨੀ ਨੇ ਪਹਿਲੇ ਚਾਰ ਮਹੀਨਿਆਂ ਲਈ ਮੁਲਾਜ਼ਮਾਂ ਦੀ ਤਨਖਾਹ ਰੋਕ ਲਈ ਹੈ। ਪਰ ਬਾਅਦ ਵਿੱਚ ਦੋ ਮਹੀਨਿਆਂ ਦੀ ਤਨਖਾਹ ਦੇ ਦਿੱਤੀ ਗਈ। ਤਨਖਾਹ ਵਿੱਚੋਂ ਕਿਸੇ ਦੇ 2000 ਰੁਪਏ, ਕਿਸੇ ਦੇ 3000 ਰੁਪਏ ਅਤੇ ਕੁਝ ਦੇ 3500 ਰੁਪਏ ਕੱਟੇ ਗਏ ਹਨ। ਉਹ ਪਹਿਲਾਂ ਹੀ ਬਹੁਤ ਘੱਟ ਤਨਖਾਹ ’ਤੇ ਕੰਮ ਕਰ ਰਹੇ ਹਨ ਤੇ ਹੁਣ ਉਨ੍ਹਾਂ ਦੀਆਂ ਤਨਖ਼ਾਹਾਂ ਵੀ ਪੂਰੀਆਂ ਨਹੀਂ ਮਿਲ ਰਹੀਆਂ। ਇਸ ਕਾਰਨ ਅੱਜ ਲੁਧਿਆਣਾ ਦੇ ਸਾਰੇ ਸੇਵਾ ਕੇਂਦਰਾਂ ’ਤੇ ਹੜਤਾਲ ਕੀਤੀ ਤੇ ਕੰਮ ਬੰਦ ਕਰ ਦਿੱਤਾ ਗਿਆ ਹੈ। ਕੰਪਨੀ ਦੇ ਕਲੱਸਟਰ ਹੈੱਡ ਗੁਰਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਪੂਰੀ ਤਨਖਾਹ 10 ਅਗਸਤ ਤੱਕ ਜਾਰੀ ਕਰ ਦਿੱਤੀ ਜਾਵੇਗੀ। ਨਾਲ ਹੀ ਬਾਕੀ ਪੈਸੇ ਵੀ ਦਿੱਤੇ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਤਿੰਨ ਵਜੇ ਵਿਰੋਧ ਪ੍ਰਦਰਸ਼ਨ ਵਾਪਸ ਲੈ ਲਿਆ ਗਿਆ।