ਤਰਕਸ਼ੀਲ ਮੈਗਜ਼ੀਨ ਦਾ ਸਤੰਬਰ-ਅਕਤੂਬਰ ਅੰਕ ਲੋਕ ਅਰਪਣ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਦੀ ਮੀਟਿੰਗ ਜਥੇਬੰਦਕ ਆਗੂ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਜ਼ੋਨ ਦਫਤਰ ਵਿਖੇ ਹੋਈ। ਇਸ ਮੀਟਿੰਗ ਵਿੱਚ ਜ਼ੋਨ ਜਥੇਬੰਦਕ ਆਗੂ ਨੇ ਕਿਹਾ ਕਿ ਹਰ ਮਨੁੱਖ ਤਰੱਕੀ ਤੇ ਖੁਸ਼ਹਾਲੀ ਚਾਹੁੰਦਾ ਹੈ ਪਰ ਇਸ ਦੀ ਪ੍ਰਾਪਤੀ ਵਾਸਤੇ ਸਾਨੂੰ ਖ਼ੁਦ ਅੱਗੇ ਵਧਣ ਦੇ ਟੀਚੇ ਮਿਥ ਕੇ ਮੇਹਨਤ ਕਰਨੀ ਪਵੇਗੀ। ਅੰਧਵਿਸ਼ਵਾਸੀ ਮਾਨਸਿਕਤਾ ਕਾਰਣ ਚੁਰਾਹੇ ਵਿੱਚ ਕੀਤੇ ਟੂਣੇ ਤੁਹਾਡਾ ਕੁਝ ਨਹੀਂ ਸਵਾਰ ਸਕਦੇ ਉਲਟਾ ਤੁਹਾਨੂੰ ਮਾਨਸਿਕ ਰੋਗੀ ਬਣਾ ਦੇਣਗੇ। ਇਸ ਮੌਕੇ ਜ਼ੋਨ ਮੀਡੀਆ ਮੁੱਖੀ ਹਰਚੰਦ ਭਿੰਡਰ ਨੇ ਧਰਮਕੋਟ ਤਹਿਸੀਲ ਦੇ ਪਿੰਡ ਬੱਡੂਵਾਲ ਦੇ ਚੁਰਸਤੇ ਤੋਂ ਚੁੱਕੇ ਟੂਣੇ ਦੇ ਸਮਾਨ ਨੂੰ ਜ਼ੋਨ ਮੁੱਖੀ ਨੂੰ ਭੇਂਟ ਕੀਤਾ। ਸਮਾਗਮ ਦੌਰਾਨ ਤਰਕਸ਼ੀਲ ਮੈਗਜ਼ੀਨ ਵੀ ਲੋਕ ਅਰਪਣ ਕੀਤਾ ਗਿਆ।
ਜ਼ੋਨ ਮੁੱਖੀ ਨੇ ਅੱਗੇ ਦੱਸਿਆ ਕਿ ਮਾਨਵਤਾਵਾਦੀ ਸਮਝ ਮੁਤਾਬਿਕ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਫੈਸਲੇ ਮੁਤਾਬਕ ਜ਼ੋਨ ਲੁਧਿਆਣਾ ਨੇ ਇਕਾਈਆਂ ਦੀ ਸਹਿਮਤੀ ਨਾਲ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਫੰਡ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜਲਦ ਹੀ ਇਹ ਫੰਡ ਇਕੱਤਰ ਕਰਕੇ ਸਟੇਟ ਕਮੇਟੀ ਨੂੰ ਭੇਜ ਦਿੱਤਾ ਜਾਵੇਗਾ। ਇਹਨਾਂ ਹੜਾਂ ਕਾਰਣ ਹੀ ਤਰਕਸ਼ੀਲ ਸੁਸਇਟੀ ਵੱਲੋ ਕਰਵਾਈ ਜਾਣ ਵਾਲੀ ਚੇਤਨਾ ਪਰਖ ਪ੍ਰੀਖਿਆ ਵੀ ਅੱਗੇ ਪਾ ਦਿੱਤੀ ਗਈ ਹੈ।
ਉਹਨਾਂ ਅੱਗੇ ਕਿਹਾ ਕਿ ਸੁਸਾਇਟੀ 26 ਅਤੇ 27 ਸਤੰਬਰ ਨੂੰ ਪੀਏਯੂ ਵਿੱਚ ਲੱਗਣ ਵਾਲੇ ਕਿਸਾਨ ਮੇਲੇ ਦੌਰਾਨ ਆਪਣੀ ਸਟਾਲ ਲਾ ਕੇ ਤਰਕਸ਼ੀਲ ਸਾਹਿਤ ਦੀ ਪ੍ਰਦਰਸ਼ਨੀ ਦੇ ਨਾਲ ਨਾਲ ਲੋਕਾਂ ਨੂੰ ਅੰਧਵਿਸ਼ਵਾਸਾਂ ਤੋਂ ਮੁਕਤੀ ਵਾਸਤੇ ਚੇਤਨ ਕਰੇਗੀ। 28 ਸਤੰਬਰ ਦਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਹੈ, ਇਸ ਸਬੰਧ ਵਿੱਚ ਜਲਦ ਹੀ ਸੈਮੀਨਾਰ ਕਰਵਾਇਆ ਜਾਵੇਗਾ।
ਮੀਟਿੰਗ ਦੇ ਅਖੀਰ ਵਿੱਚ ਤਰਕਸ਼ੀਲ ਮੈਗਜ਼ੀਨ ਦਾ ਸਤੰਬਰ-ਅਕਤੂਬਰ ਅੰਕ ਵੀ ਰਲੀਜ਼ ਕੀਤਾ ਗਿਆ। ਇਸ ਮੀਟਿੰਗ ਵਿੱਚ ਸਟੇਟ ਕਮੇਟੀ ਮੈਬਰ ਮੋਹਣ ਬਡਲਾ ਤੇ ਜ਼ੋਨ ਆਗੂ ਧਰਮਪਾਲ ਸਿੰਘ, ਸਮਸ਼ੇਰ ਨੂਰਪੁਰੀ, ਰਜਿੰਦਰ ਜੰਡਿਆਲੀ, ਹਰਚੰਦ ਭਿੰਡਰ ਦੇ ਇਲਾਵਾ ਲੁਧਿਆਣਾ ਸੁਧਾਰ ਜਗਰਾਂਉ ਅਤੇ ਕੁਹਾੜਾ ਇਕਾਈਆਂ ਦੇ ਸਰਗਰਮ ਆਗੂਆਂ ਬਲਵਿੰਦਰ ਸਿੰਘ, ਕਰਨੈਲ ਸਿੰਘ, ਕਰਤਾਰ ਵੀਰਾਨ ਅਤੇ ਪੂਰਨ ਸਿੰਘ ਆਦਿ ਨੇ ਵੀ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ ਤੇ ਆਪਣੇ ਵਿਚਾਰ ਰੱਖੇ।