ਕਰਨਲ ਜੇ ਐੱਸ ਬਰਾੜ ਦੇ ਸ਼ਰਧਾਂਜਲੀ ਸਮਾਗਮ ਮੌਕੇ ਸੈਮੀਨਾਰ
ਇਥੇ ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਅਤੇ ਸਮਾਜ ਸੇਵੀ ਸੰਸਥਾ ਮਹਾਸਭਾ ਲੁਧਿਆਣਾ ਦੇ ਬਾਨੀ ਪ੍ਰਧਾਨ ਕਰਨਲ ਜੇ ਐੱਸ ਬਰਾੜ ਦੇ ਪਹਿਲੇ ਸਾਲਾਨਾ ਸ਼ਰਧਾਂਜਲੀ ਸਮਾਗਮ ਮੌਕੇ ਕਰਵਾਏ ਸੈਮੀਨਾਰ ਨੂੰ ਸ਼ਲਾਘਾਯੋਗ ਹੁੰਗਾਰਾ ਮਿਲਿਆ। ਇਨ੍ਹਾਂ ਸੰਸਥਾਵਾਂ ਦੇ ਜਨਰਲ ਸਕੱਤਰ ਜਸਵੰਤ ਜ਼ੀਰਖ ਦੀ ਸਟੇਜ ਸੰਚਾਲਨ ਅਤੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਰਾਜਿੰਦਰ ਸਿੰਘ ਦੀਪ ਸਿੰਘਵਾਲਾ, ਬਿੱਕਰ ਸਿੰਘ ਹਥੋਆ ਦੀ ਪ੍ਰਧਾਨਗੀ ਹੇਠ ਸਾਰੇ ਸਰੋਤਿਆਂ ਵੱਲੋਂ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਉਪਰੋਕਤ ਸੰਸਥਾਵਾਂ ਅਤੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਦੇ ਪ੍ਰਬੰਧਾਂ ਹੇਠ ਹੋਏ ਇਸ ਸੈਮੀਨਾਰ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਬਾਬਾ ਬੰਦਾ ਬਹਾਦਰ ਨੇ ਜਗੀਰਦਾਰਾਂ ਦੀਆਂ ਜਗੀਰਾਂ ਜ਼ਬਤ ਕਰਕੇ ਕਿਰਤੀ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੇ ਮਾਲਕ ਬਣਾਇਆ, ਜੋ ਉਸ ਵੇਲੇ ਦਾ ਵੱਡਾ ਇਨਕਲਾਬ ਸੀ। ਪਰ ਅੱਜ ਸਾਡੇ ਦੇਸ਼ ਦੀਆਂ ਸਰਕਾਰਾਂ ਵੱਲੋਂ ਫਿਰ ਉਹੀ ਜ਼ਮੀਨਾਂ ਦਾ ‘ਧਰਤੀ ਪੂਜਨ’ ਕਰਕੇ ਕਾਰਪੋਰੇਟਾਂ ਨੂੰ ਦੇਣ ਲਈ ਕਾਨੂੰਨ ਬਣਾਏ ਜਾ ਰਹੇ ਹਨ। ਸੁਬੇਗ ਸਿੰਘ ਅਤੇ ਮਨਜੀਤ ਘਣਗਸ ਨੇ ਇਨਕਲਾਬੀ ਗੀਤਾਂ ਰਾਹੀਂ ਹਾਜ਼ਰੀ ਲਵਾਈ। ਇਸ ਮੌਕੇ ਇੱਕ ਚੈਨਲ ਦੇ ਪੱਤਰਕਾਰ ਮਨਦੀਪ ਨੂੰ ਨਸ਼ਾ ਤਸਕਰਾਂ ਵੱਲੋਂ ਮਿਲੀਆਂ ਧਮਕੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਧਾਲੀਵਾਲ ਨੂੰ ਜੇਲ੍ਹ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਕਿਤਾਬਾਂ ਨਾ ਭੇਜਣ ਦੇਣ ਦੀ ਸਖ਼ਤ ਨਿੰਦਾ ਕੀਤੀ ਗਈ।
