ਆਜ਼ਾਦੀ ਦਿਵਸ ਮੌਕੇ ਐੱਸਡੀਐੱਮ ਉਪਿੰਦਰਜੀਤ ਕੌਰ ਬਰਾੜ ਨੇ ਕੌਮੀ ਝੰਡਾ ਲਹਿਰਾਇਆ
ਆਜ਼ਾਦੀ ਦਿਵਸ ਮੌਕੇ ਐੱਸ.ਡੀ.ਐੱਮ ਉਪਿੰਦਰਜੀਤ ਕੌਰ ਬਰਾੜ ਨੇ ਦੇਸ਼ ਦੀ ਅਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਅਤੇ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਬਿਹਤਰ ਭਵਿੱਖ ਦੀ ਉਸਾਰੀ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਵਿਤਕਰੇ ਨੂੰ ਦੂਰ ਕਰਨ ਲਈ ਯਤਨ ਹੋਰ ਤੇਜ਼ ਕਰਨ ਦਾ ਸੱਦਾ ਵੀ ਦਿੱਤਾ।
ਮੁੱਖ ਮਹਿਮਾਨ ਉਪਿੰਦਰਜੀਤ ਕੌਰ ਬਰਾੜ ਨੇ ਆਜ਼ਾਦੀ ਦਿਵਸ ਮੌਕੇ ਕੌਮੀ ਤਿਰੰਗਾ ਲਹਿਰਾਉਣ ਉਪਰੰਤ ਉਪ ਪੁਲੀਸ ਕਪਤਾਨ ਹਰਜਿੰਦਰ ਸਿੰਘ ਸਮੇਤ ਪਰੇਡ ਦਾ ਨਿਰੀਖਣ ਕੀਤਾ। ਪੰਜਾਬ ਪੁਲੀਸ ਦੀ ਟੁਕੜੀ ਸਮੇਤ ਐੱਨਸੀਸੀ ਕੈਡੇਟਾਂ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਵੱਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਤਹਿਸੀਲਦਾਰ ਵਿਸ਼ਾਲ ਵਰਮਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਵਿੱਚ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਤੋਂ ਇਲਾਵਾ ਹੋਰ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅਜ਼ਾਦੀ ਘੁਲਾਟੀਆਂ ਦੇ ਵਾਰਸਾਂ, ਫ਼ੌਜ ਅਤੇ ਨੀਮ ਫੌਜੀ ਬਲਾਂ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਚਿੰਨ੍ਹ ਅਤੇ ਦੁਸ਼ਾਲੇ ਭੇਟ ਕਰ ਕੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਵੱਲੋਂ ਪੁਸਤਕਾਂ ਅਤੇ ਪੌਦਿਆਂ ਦਾ ਲੰਗਰ ਲਾਇਆ ਗਿਆ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਮੌਕੇ ਦੇਸ਼ ਭਗਤੀ ਦੇ ਗੀਤ, ਭੰਗੜਾ, ਮਲਵਈ ਗਿੱਧਾ, ਟੱਪੇ, ਬੋਲੀਆਂ ਅਤੇ ਸਕਿੱਟ ਪੇਸ਼ ਕੀਤੇ।