ਹੈਲੋਵੀਨ ਮਨਾਉਣ ਵਾਲੇ ਸਕੂਲ ਪੰਜਾਬ ਦੀ ਵਿਰਾਸਤ ਨੂੰ ਨਾ ਭੁੱਲਣ: ਬਾਵਾ
ਪ੍ਰਾਈਵੇਟ ਸਕੂਲਾਂ ਦੀ ਸੂਬਾ ਪੱਧਰੀ ਐਸੋਸੀਏਸ਼ਨ ਦੇ ਆਗੂ ਅਤੇ ਨਜ਼ਦੀਕੀ ਮਹੰਤ ਲਛਮਣ ਦਾਸ (ਐੱਮ ਐੱਲ ਡੀ) ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੇ ਪ੍ਰਿੰਸੀਪਲ ਬਲਦੇਵ ਬਾਵਾ ਨੇ ਕਿਹਾ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਹੈਲੋਵੀਨ ਵਰਗੇ ਤਿਉਹਾਰ ਮਨਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ ਜਦ ਕਿ ਹੈਲੋਵੀਨ ਦਾ ਸਾਡੇ ਵਿਰਸੇ ਦਾ ਹਿੱਸਾ ਨਹੀਂ। ਸਕੂਲਾਂ ਵਿੱਚ ਅਜਿਹੇ ਵਿਦੇਸ਼ੀ ਤਿਉਹਾਰ ਮਨਾ ਕੇ ਆਉਣ ਵਾਲੀ ਪੀੜ੍ਹੀ ਦੀ ਮਾਨਸਿਕਤਾ ਨੂੰ ਗ਼ਲਤ ਦਿਸ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ ਬਹੁਤ ਵਿਸ਼ਾਲ ਹੈ। ਉਨ੍ਹਾਂ ਕਿਹਾ ਕਿ ਆਪਣੇ ਸਭਿਆਚਾਰ ਤੋਂ ਬੇਮੁੱਖ ਹੋ ਕੇ ਹੈਲੋਵੀਨ ਵਰਗੇ ਤਿਉਹਾਰ ਪੰਜਾਬ ਦੀ ਪਵਿੱਤਰ ਧਰਤੀ ’ਤੇ ਮਨਾ ਕੇ ਆਪਣੀ ਵਿਰਾਸਤ ਨੂੰ ਭੁੱਲ ਰਹੇ ਹਾਂ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੇ ਮੱਧਵਰਗ ਦੇ ਪੰਜਾਬੀ ਮੂਲ ਦੇ ਸਕੂਲਾਂ ਵਿੱਚ ਹੀ ਭੇਜਣ, ਜਿੱਥੇ ਉਨ੍ਹਾਂ ਦੇ ਵਿੱਦਿਅਕ ਵਿਕਾਸ ਦੇ ਨਾਲ-ਨਾਲ ਪੰਜਾਬ ਦੇ ਵਿਰਸੇ ਤੇ ਸਭਿਆਚਾਰ ਨੂੰ ਤਰਜੀਹ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬੀ ਮੂਲ ਦੇ ਸਕੂਲਾਂ ਦੇ ਹੱਕ ਵਿੱਚ ਇਕ ਵੱਡੀ ਲਹਿਰ ਖੜ੍ਹੀ ਕਰਨ ਦੀ ਜ਼ਰੂਰਤ ਹੈ।
