ਐੱਸ ਸੀ ਬੀ ਸੀ ਭਲਾਈ ਮੰਚ ਵੱਲੋਂ ਵੜਿੰਗ ਦੇ ਬਿਆਨ ਦੀ ਨਿਖੇਧੀ
ਇੱਥੇ ਐੱਸ ਸੀ ਬੀ ਸੀ ਭਲਾਈ ਮੰਚ ਦੀ ਮੀਟਿੰਗ ਪ੍ਰਧਾਨ ਜਤਿੰਦਰ ਸਿੰਘ ਪਮਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਐੱਸ ਸੀ ਤੇ ਬੀ ਸੀ ਭਾਈਚਾਰੇ ਨਾਲ ਸਬੰਧਤ ਆਗੂਆਂ ਬੂਟਾ ਸਿੰਘ ਅਤੇ ਗਿਆਨੀ ਜੈਲ ਸਿੰਘ ਬਾਰੇ ਕੀਤੀ ਟਿੱਪਣੀ ਦੀ ਨਿਖੇਧੀ ਕੀਤੀ। ਮੰਚ ਦੇ ਆਗੂਆਂ ਨੇ ਕਿਹਾ ਕਿ ਪਹਿਲਾਂ ਰਾਜਾ ਵੜਿੰਗ ਨੇ ਮਰਹੂਮ ਬੂਟਾ ਸਿੰਘ ਦੇ ਰੰਗ ਅਤੇ ਜਾਤੀ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਅਤੇ ਨਾਲ ਹੀ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਪਾਠੀ ਅਤੇ ਰਾਗੀ ਕਹਿ ਕੇ ਜਿੱਥੇ ਪਾਠੀਆਂ ਅਤੇ ਰਾਗੀਆਂ ਦੀ ਸੇਵਾ ਨੂੰ ਨਿੰਦਿਆ ਹੈ, ਉਥੇ ਦੇਸ਼ ਦੇ ਸਵਰਉੱਚ ਅਹੁਦੇ ’ਤੇ ਰਹੇ ਗਿਆਨੀ ਜੈਲ ਸਿੰਘ ਨੂੰ ਵੀ ਨਹੀਂ ਬਖਸ਼ਿਆ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਦੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਭਾਈਚਾਰੇ ਪ੍ਰਤੀ ਸੋਚ ਅਪਮਾਨਜਨਕ ਹੈ। ਮੀਟਿੰਗ ਵਿੱਚ ਨੇ ਸਰਬਸੰਮਤੀ ਨਾਲ ਪੰਜਾਬ ਐੱਸ ਸੀ ਤੇ ਬੀ ਸੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਰਾਜਾ ਵੜਿੰਗ ਦੇ ਸਮਾਗਮਾਂ ਦਾ ਬਾਈਕਾਟ ਕਰਨ। ਮੀਟਿੰਗ ਵਿੱਚ ਮੀਤ ਪ੍ਰਧਾਨ ਜਗਜੀਤ ਸਿੰਘ, ਜਨਰਲ ਸਕੱਤਰ ਦਰਸ਼ਨ ਸਿੰਘ, ਬਲਵਿੰਦਰ ਸਿੰਘ ਬਿੱਲੂ, ਕੈਪਟਨ ਸੋਹਣ ਸਿੰਘ, ਹਰਦੀਪ ਸਿੰਘ, ਨਿਰਮਲ ਸਿੰਘ, ਰਾਵਲ ਸਿੰਘ, ਬਲਦੇਵ ਸਿੰਘ, ਪਰਮਜੀਤ ਪੰਮਾ ਹਾਜ਼ਰ ਸਨ।
