ਸੌਂਦ ਵੱਲੋਂ ਸੜਕ ’ਤੇ ਪੈ ਰਹੇ ਮਟੀਰੀਅਲ ਦੀ ਜਾਂਚ
ਅੱਜ ਇਥੇ 36 ਲੱਖ ਰੁਪਏ ਦੀ ਲਾਗਤ ਨਾਲ ਖੰਨਾ-ਮਲੇਰਕੋਟਲਾ ਮੇਨ ਰੋਡ ਤੋਂ ਪਿੰਡ ਨਸਰਾਲੀ-ਚੀਮਾ ਚੌਕ ਤੱਕ 2-40 ਕਿਲੋਮੀਟਰ ਸੜਕ ’ਤੇ ਪੈ ਰਹੇ ਮਟੀਰੀਅਲ ਦੀ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਚੈਕਿੰਗ ਕੀਤੀ ਗਈ। ਉਨ੍ਹਾਂ ਮੰਡੀ ਬੋਰਡ ਦੇ ਐੱਸ ਡੀ ਓ ਗੁਰਪ੍ਰੀਤ ਸਿੰਘ ਨਾਲ ਚੱਲ ਰਹੇ ਸੜਕ ਦੇ ਨਿਰਮਾਣ ਦੀ ਗੱਲ ਕਰਦਿਆਂ ਕਿਹਾ ਕਿ 9 ਸਾਲ ਬਾਅਦ ਬਣਨ ਜਾ ਰਹੀ ਸੜਕ ’ਤੇ ਲੁੱਕ, ਬੱਜਰੀ ਪੂਰੀ ਮਿਕਦਾਰ ਵਿੱਚ ਪਾਈ ਜਾਵੇ। ਉਨ੍ਹਾਂ ਕਿਹਾ ਕਿ ਸੜਕ ਮੁਕੰਮਲ ਹੋਣ ਤੋਂ ਬਾਅਦ ਪਾਏ ਮਟੀਰੀਅਲ ਦਾ ਸੈਂਪਲ ਵੀ ਲਿਆ ਜਾਵੇਗਾ, ਜੇ ਕੋਈ ਉਣਤਾਈ ਪਾਈ ਗਈ ਤਾਂ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਕੈਬਨਿਟ ਮੰਤਰੀ ਸੌਂਦ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਹਲਕਾ ਖੰਨਾ ਦੀਆਂ ਅਗਲੇ 6 ਮਹੀਨਿਆਂ ਦੇ ਅੰਦਰ ਅੰਦਰ ਸਾਰੀਆਂ ਸੜਕਾਂ ਨੂੰ ਨਵੀ ਦਿੱਖ ਦਿੱਤੀ ਜਾਵੇਗੀ। ਨਵੀਆਂ ਬਣਨ ਵਾਲੀਆਂ ਸੜਕਾਂ ਦੀ ਟੁੱਟ ਭੱਜ ਦੀ ਪੂਰੇ 5 ਸਾਲ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਵੇਗੀ। ਮੰਡੀ ਬੋਰਡ ਦੇ ਐੱਸ ਡੀ ਓ ਗੁਰਪ੍ਰੀਤ ਸਿੰਘ ਨੇ ਕੈਬਨਿਟ ਮੰਤਰੀ ਨੂੰ ਭਰੋਸਾ ਦਿੱਤਾ ਕਿ ਸੜਕ ਤੇ ਮਟੀਰੀਅਲ ਪੂਰੀ ਪਾਰਦਰਸ਼ਤਾ ਨਾਲ ਪਾਇਆ ਜਾ ਰਿਹਾ ਹੈ। ਇਸ ਮੌਕੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ, ਸਰਪੰਚ ਜਤਿੰਦਰਜੋਤ ਸਿੰਘ ਜੋਤੀ ਈਸੜੂ, ਪ੍ਰਧਾਨ ਸੁਰਿੰਦਰ ਸਿੰਘ ਕੋਠੇ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਨੰਬਰਦਾਰ ਹਾਕਮ ਸਿੰਘ ਨਸਰਾਲੀ, ਕੀਮਤੀ ਲਾਲ ਖੰਨਾ, ਜੇਈ ਆਦਿ ਹਾਜ਼ਰ ਸਨ।
