ਸੌਂਦ ਵੱਲੋਂ ਖੰਨਾ ’ਚ 39.40 ਕਰੋੜ ਦੇ ਪ੍ਰਾਜੈਕਟ ਦਾ ਉਦਘਾਟਨ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਖੰਨਾ ਦੇ ਸਬ-ਸਟੇਸ਼ਨ ਵਿੱਚ ‘ਰੋਸ਼ਨ ਪੰਜਾਬ, ਹੁਣ ਪਾਵਰ ਕੱਟ ਤੋਂ ਮੁਕਤੀ’ ਪ੍ਰੋਗਰਾਮ ਤਹਿਤ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਵਾਧੇ ਅਤੇ ਨਵੀਨੀਕਰਨ ਦੇ 39.40 ਕਰੋੜ ਦੇ ਕੰਮਾਂ ਦਾ ਉਦਘਾਟਨ ਕੀਤਾ। ਸਮਾਗਮ ਦੌਰਾਨ
ਸਭ ਤੋਂ ਪਹਿਲਾ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਦੇ ਸਦੀਵੀਂ ਵਿਛੋੜੇ ’ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਸੌਂਦ ਨੇ ਕਿਹਾ ਕਿ ਕਰੀਬ 39 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਮੰਡਲ ਦਫਤਰ ਖੰਨਾ ਸਿਟੀ-1, ਸਿਟੀ-2, ਦਿਹਾਤੀ ਖੰਨਾ, ਚਾਵਾ, ਭੜੀ ਅਤੇ ਜਰਗ) ਵਿੱਚ ਐਲ.ਟੀ ਲਾਈਨਾਂ, ਐਚ.ਟੀ ਲਾਈਨਾਂ ਦੀਆਂ ਨਵੀਆਂ ਤਾਰਾਂ ਅਤੇ ਆਗੂਮੈਂਟ ਕੰਮ ਕੀਤਾ ਜਾਣਾ ਹੈ, ਨਵੇਂ ਟ੍ਰਾਂਸਫਾਰਮਰ ਰੱਖਣ ਦਾ ਕੰਮ, ਘੱਟ ਸਮਰੱਥਾ ਵਾਲੇ ਟਰਾਂਸਫਾਰਮਰਾਂ ਨੂੰ ਬਦਲ ਕੇ ਵੱਧ ਸਮਰੱਥਾ ਵਾਲੇ ਟਰਾਂਸਫਾਰਮਰ ਰੱਖ ਕੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਦਰੁੱਸਤ ਕੀਤਾ ਜਾਵੇਗਾ। ਜਿਸ ਨਾਲ ਖੰਨਾ ਮੰਡਲ ਅਧੀਨ ਆਉਂਦੇ ਸਾਰੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਵਿੱਚ ਹੋਰ ਦਰੁਸਤੀ ਹੋਵੇਗੀ। ਮੰਤਰੀ ਸੌਂਦ ਨੇ ਕਿਹਾ ਕਿ 66 ਕੇ.ਵੀ ਸਬ ਸਟੇਸ਼ਨ ਖੰਨਾ ਤੋਂ ਚੱਲਦੇ 11 ਕੇ.ਵੀ ਸਿਟੀ-2 ਫੀਡਰ ਦੀ ਵੰਡ ਕਰਕੇ ਨਵਾਂ 11 ਕੇ.ਵੀ ਪੀਰਖਾਨਾ ਫੀਡਰ ਤਕਰੀਬਨ 44.70 ਲੱਖ ਰੁਪਏ ਦੀ ਲਾਗਤ ਨਾਲ ਚਾਲੂ ਕੀਤਾ ਗਿਆ ਹੈ ਜਿਸ ਨਾਲ ਸਿਟੀ-2 ਫੀਡਰ ’ਤੇ ਲੋਡ ਅੱਧਾ ਰਹਿ ਜਾਵੇਗਾ। ਇਸ ਤਰ੍ਹਾਂ ਖੰਨਾ ਸ਼ਹਿਰ ਦੇ ਮੇਨ ਬਾਜਾਰ, ਚਾਂਦਲਾ ਮਾਰਕੀਟ, ਜੀਟੀਬੀ ਮਾਰਕੀਟ, ਸੁਭਾਸ਼ ਬਜ਼ਾਰ, ਮਾਤਾ ਰਾਣੀ ਮੁਹੱਲਲਾ, ਜੀਤਾ ਸਿੰਘ ਦਾ ਖੂਹ, ਪੀਰਖਾਨਾ ਰੋਡ, ਨਵੀਂ ਬੈਂਕ ਕਲੋਨੀ ਅਤੇ ਪੁਰਾਣੀ ਬੈਂਕ ਕਲੋਨੀ ਏਰੀਏ ਦੀ ਪਾਵਰ ਸਪਲਾਈ ਦਰੁਸਤ ਹੋਵੇਗੀ।
ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਖੰਨਾ ਸ਼ਹਿਰ ਦੀ ਵੱਧ ਰਹੀ ਲੋਡ ਦੀ ਮੰਗ ਨੂੰ ਦੇਖਦਿਆਂ 66 ਕੇ.ਵੀ ਸਬ ਸਟੇਸ਼ਨ ਖੰਨਾ ਵਿਖੇ 20 ਐਮਵੀਏ ਦੇ ਪਾਵਰ ਟਰਾਂਸਫਾਰਮਰ ਨੂੰ ਬਦਲ ਕੇ 31.5 ਐਮਵੀਏ ਦਾ ਪਾਵਰ ਟਰਾਂਸਫਾਰਮਰ ਸਥਾਪਤ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਬਰੈਕਰ ਅਤੇ ਇੰਨਕਮਰ ਵੀ ਲਗਾਏ ਜਾ ਚੁੱਕੇ ਹਨ, ਜਿਸ ਤੇ ਤਕਰੀਬਨ 3.3 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਤੋਂ ਇਲਾਵਾ 66 ਕੇਵੀ ਸਬ ਸਟੇਸ਼ਨ ਖੰਨਾ ਤੋਂ ਚੱਲਦੇ 11 ਕੇਵੀ ਨੰਦੀ ਕਲੋਨੀ ਫੀਡਰ ਦੀ ਵੰਡ ਕਰਕੇ ਨਵਾਂ ਫੀਡਰ ਤਕਰੀਬਨ 46 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਦਾ ਕੰਮ ਤਕਰੀਬਨ 95 ਫੀਸਦੀ ਮੁਕੰਮਲ ਹੋ ਚੁੱਕਾ ਹੈ ਅਤੇ ਇਹ ਕੰਮ 25 ਅਕਤੂਬਰ ਤੱਕ ਮੁਕੰਮਲ ਕਰਕੇ ਨਵਾਂ ਫੀਡਰ ਚਾਲੂ ਕਰ ਦਿੱਤਾ ਜਾਵੇਗਾ। ਇਸ ਨਾਲ ਪ੍ਰੋਫੈਸਰ ਕਲੋਨੀ, ਮਾਸਟਰ ਕਲੋਨੀ, ਕੇਹਰ ਸਿੰਘ ਕਲੋਨੀ, ਜਗਤ ਕਲੋਨੀ, ਰਾਹੌਣ ਪਿੰਡ ਅਤੇ ਲਲਹੇੜੀ ਰੋਡ ਪੈਟਰੋਲ ਪੰਪ ਵਾਲੇ ਏਰੀਏ ਦੀ ਪਾਵਰ ਸਪਲਾਈ ਦਰੁਸਤ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਹਰ ਵਰਗ ਪ੍ਰਤੀ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਤੱਕ ਸਹੀ ਫੈਸਲੇ ਕੀਤੇ ਹਨ ਤਾਂ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। ‘ਆਪ’ ਸਰਕਾਰ ਸਦਕਾ ਹੀ 90 ਫੀਸਦੀ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਅਤੇ ਇਸ ਦਾ ਲਾਭ ਉਸ ਹਰ ਇੱਕ ਉਸ ਪਰਿਵਾਰ ਨੂੰ ਮਿਲ ਰਿਹਾ ਹੈ ਜਿਨ੍ਹਾਂ ਦੀ ਮਾਲੀ ਹਾਲਤ ਠੀਕ ਨਹੀਂ ਸੀ ਅਤੇ ਕਿਸਾਨਾਂ ਨੂੰ ਖੇਤੀਬਾੜੀ ਲਈ ਨਿਰਵਿਘਨ ਬਿਜਲੀ ਸਪਲਾਈ ਮਿਲ ਰਹੀ ਹੈ।