ਸੌਂਦ ਨੇ ਨਗਰ ਕੌਂਸਲ ਖੰਨਾ ਨੂੰ ਸੌਂਪੀਆਂ ਦੋ ਫਾਇਰ ਬ੍ਰਿਗੇਡ ਗੱਡੀਆਂ
ਅੱਜ ਇਥੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਗਰ ਕੌਂਸਲ ਖੰਨਾ ਨੂੰ 65 ਲੱਖ ਰੁਪਏ ਦੀ ਲਾਗਤ ਵਾਲੀਆਂ ਦੋ ਅਤਿ ਆਧੁਨਿਕ ਤਕਨੀਕ ਨਾਲ ਲੈਸ ਫਾਇਰ ਬ੍ਰਿਗੇਡ ਗੱਡੀਆਂ ਦੀਆਂ ਚਾਬੀਆਂ ਸੌਂਪਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੰਨਾ ਨੂੰ ਦੋ ਅੱਗ ਬੁਝਾਉਣ ਵਾਲੀਆਂ ਗੱਡੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਇੱਕ ਗੱਡੀ ਦੀ ਕੀਮਤ 25 ਲੱਖ ਰੁਪਏ ਅਤੇ ਦੂਜੀ ਗੱਡੀ ਦੀ ਕੀਮਤ 40 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ 25 ਲੱਖ ਰੁਪਏ ਦੀ ਲਾਗਤ ਵਾਲੀ ਗੱਡੀ ਵਿੱਚ ਫੋਮ ਸਪਰੇਅ ਕਰਕੇ ਅਤੇ ਪਾਣੀ ਨਾਲ ਸਪਰੇਅ ਕਰਕੇ ਅੱਗ ਬੁਝਾਉਣ ਦੀ ਸਹੂਲਤ ਹੈ। ਇਹ ਗੱਡੀ ਛੋਟੀ ਹੋਣ ਕਰਕੇ ਭੀੜੀਆਂ ਗਲੀਆਂ ਵਿੱਚ ਵੀ ਜਾ ਸਕਦੀ ਹੈ। ਦੂਜੀ 40 ਲੱਖ ਰੁਪਏ ਦੀ ਲਾਗਤ ਵਾਲੀ ਗੱਡੀ ਵਿੱਚ ਬਹੁਤ ਸਾਰੀਆਂ ਸਹੂਲਤਾਂ ਹਨ ਜਿਸ ਵਿੱਚ ਇਕ ਹਜ਼ਾਰ ਲਿਟਰ ਪਾਣੀ ਵਾਲਾ ਟੈਂਕ ਹੈ। ਇਸ ਵਿੱਚ ਸੈਂਸਰ ਲੱਗਿਆ ਹੋਇਆ ਹੈ, ਜਿਵੇਂ ਕਈ ਵਾਰ ਅੱਗ ਲੱਗਣ ਨਾਲ ਘਰਾਂ ਅੰਦਰ ਧੂੰਆਂ ਹੋ ਜਾਂਦਾ ਹੈ ਤਾਂ ਅਜਿਹੀ ਜਗ੍ਹਾ ਵਿੱਚ ਕੰਮ ਕਰਨ ਦਾ ਵੀ ਇੰਤਜ਼ਾਮ ਹੈ। ਉਨ੍ਹਾਂ ਕਿਹਾ ਕਿ ਜਦੋਂ ਅੱਗ ਲੱਗਦੀ ਹੈ ਤਾਂ ਲਾਈਟ ਚਲੀ ਜਾਂਦੀ ਹੈ ਤਾਂ ਲਾਈਟਾਂ ਜਗਾਉਣ ਲਈ ਇਸ ਵਿੱਚ ਜੈਨਰੇਟਰ ਦਾ ਵੀ ਪ੍ਰਬੰਧ ਹੈ। ਇਸ ਤੋਂ ਇਲਾਵਾ ਗੱਡੀ ਦੇ ਅੰਦਰ ਪੰਪ ਵੀ ਹਨ ਜੋ ਹਾਈ ਲੈਵਲ ਤੱਕ ਪਾਣੀ ਪਹੁੰਚਾ ਸਕਦੇ ਹਨ। ਜਿਸ ਨਾਲ ਇਹ ਦੋ ਗੱਡੀਆਂ ਹਲਕਾ ਖੰਨਾ ਲਈ ਆਈਆਂ ਹਨ, ਜਿਨ੍ਹਾਂ ਦਾ ਮੁਸੀਬਤ ਵੇਲੇ ਰੈਸਕਿਊ ਕਰਨ ਲਈ ਬਹੁਤ ਵੱਡਾ ਲਾਭ ਹੋਵੇਗਾ।
ਸੌਂਦ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਆਤਿਸ਼ਬਾਜ਼ੀ ਜਾਂ ਪਟਾਕਿਆਂ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਤੇ ਅਜਿਹੇ ਵਿੱਚ ਨੇੜੇ ਫਾਇਰ ਬ੍ਰਿਗੇਡ ਦੀ ਸਹੂਲਤ ਹੋਣਾ ਅਤਿ ਜ਼ਰੂਰੀ ਹੈ। ਇਸ ਲਈ ਨਗਰ ਕੌਂਸਲ ਖੰਨਾ ਵਿਖੇ ਨਵੀਂ ਤਕਨੀਕ ਵਾਲੀਆਂ ਫਾਇਰ ਬ੍ਰਿਗੇਡ ਦਿੱਤੀਆਂ ਗਈਆਂ ਹਨ ਤਾਂ ਜੋ ਇਲਾਕਾ ਨਿਵਾਸੀਆਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜ਼ੀਹ ਹੈ ਅਤੇ ਪੰਜਾਬ ਸਰਕਾਰ ਐਮਰਜੈਂਸੀ ਹਾਲਾਤਾਂ ‘ਚ ਬੁਨਿਆਦੀ ਸਹੂਲਤਾਂ ਲਈ ਪੁਖ਼ਤਾ ਪ੍ਰਬੰਧ ਕਰ ਰਹੀ ਹੈ। ਇਸ ਮੌਕੇ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ, ਕੌਂਸਲਰ ਪਰਮਪ੍ਰੀਤ ਸਿੰਘ ਪੌਪੀ, ਜਤਿੰਦਰ ਪਾਠਕ, ਸੁਨੀਲ ਕੁਮਾਰ ਨੀਟਾ, ਸੁਖਮਨਜੀਤ ਸਿੰਘ, ਰਾਜਿੰਦਰ ਸਿੰਘ ਜੀਤ, ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਕੁਲਦੀਪ ਭਾਟੀਆ, ਕੁਲਵੰਤ ਸਿੰਘ ਮਹਿਮੀ ਆਦਿ ਹਾਜ਼ਰ ਸਨ।