ਸਰਸ ਮੇਲਾ: ਕਠਪੁਤਲੀ ਸ਼ੋਅ ਅਤੇ ਹੋਰ ਪੇਸ਼ਕਾਰੀਆਂ ਨੇ ਖਿੱਚੇ ਦਰਸ਼ਕ
ਸਨਅਤੀ ਸ਼ਹਿਰ ਲੁਧਿਆਣਾ ਜਿੱਥੇ ਦੇਸ਼ ਦੀ ਵਪਾਰਕ ਹੱਬ ਵਜੋਂ ਮਸ਼ਹੂਰ ਹੈ ਉੱਥੇ ਹੁਣ ਕੌਮੀ ਪੱਧਰ ਦੇ ਮੇਲੇ ਕਰਵਾਉਣ ਵਿੱਚ ਵੀ ਮੋਹਰੀ ਸ਼ਹਿਰ ਬਣ ਗਿਆ ਹੈ। ਸਥਾਨਕ ਪੀਏਯੂ ਵਿੱਚ ਲੱਗਿਆ ਸਰਸ ਮੇਲਾ 2025 ਇਸ ਦੀ ਤਾਜ਼ਾ ਉਦਾਹਣ ਹੈ। ਬੀਤੀ ਚਾਰ ਅਕਤੂਬਰ ਤੋਂ ਚੱਲ ਰਹੇ ਇਸ ਮੇਲੇ ਦੇ ਪਿਛਲੇ ਦੋ ਦਿਨ ਮੀਂਹ ਨੇ ਖਰਾਬ ਕਰ ਦਿੱਤੇ। ਅੱਜ ਤਿੱਖੀ ਧੁੱਪ ਨਿਕਲਣ ਨਾਲ ਮੇਲੇ ਦੀ ਰੌਣਕ ਵਿੱਚ ਵੀ ਵਾਧਾ ਹੋਇਆ। ਅੱਜ ਕਠਪੁਤਲੀ ਸ਼ੋਅ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਮੇਲੀਆਂ ਲਈ ਖਿੱਚ ਦਾ ਕੇਂਦਰ ਰਹੀਆਂ। ਇਸ ਦੌਰਾਨ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਪ੍ਰੋਗਰਾਮ ਉਤਸ਼ਾਹਿਤ ਕਰਨ ਲਈ ਅੱਜ ਬੋਤਲ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ।
ਲੁਧਿਆਣਾ ਨੂੰ ਇਸ ਵਾਰ ਵੀ ਕੌਮੀ ਪੱਧਰ ਦਾ ਸਰਸ ਮੇਲਾ ਕਰਵਾਉਣ ਦਾ ਮੌਕਾ ਪ੍ਰਾਪਤ ਹੋਇਆ ਹੈ। ਇਸ ਮੇਲੇ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕਰ ਰਿਹਾ ਸੀ। ਇਸ ਮੇਲੇ ਵਿੱਚ ਪੂਰੇ ਭਾਰਤ ਤੋਂ ਹਸਥ ਕਲਾ ਨਾਲ ਜੁੜੇ ਲੋਕਾਂ ਵੱਲੋਂ ਆਪੋ ਆਪਣੇ ਸਟਾਲ ਲਾਏ ਹੋਏ ਹਨ। ਹੁਣ ਲੁਧਿਆਣਵੀਆਂ ਨੂੰ ਕਿਸੇ ਵੀ ਸੂਬੇ ਦੀ ਮਸ਼ਹੂਰ ਵਸਤੂ ਖ੍ਰੀਦਣ ਅਤੇ ਪਕਵਾਨ ਦਾ ਸਵਾਦ ਚੱਖਣ ਲਈ ਉਸ ਸੂਬੇ ਵਿੱਚ ਜਾਣ ਦੀ ਲੋੜ ਨਹੀਂ ਸਗੋਂ ਉਹ ਸਰਸ ਮੇਲੇ ਵਿੱਚ ਹੀ ਵਸਤਾਂ ਦੀ ਖ੍ਰੀਦਦਾਰੀ ਅਤੇ ਖਾਣੇ ਦਾ ਸਵਾਦ ਲੈ ਸਕਦੇ ਹਨ। ਮੇਲੇ ਵਿੱਚ ਵੱਖ ਵੱਖ ਸੂਬਿਆਂ ਦੇ ਕਲਾਕਾਰਾਂ ਵੱਲੋਂ ਵੀ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਜਾ ਰਹੀਆਂ ਹਨ। ਸੋਹਣੇ ਪਹਿਰਾਵਿਆਂ ਵਿੱਚ ਸਜੇ ਇੰਨਾਂ ਕਲਾਕਾਰਾਂ ਨਾਲ ਲੋਕਾਂ ਵੱਲੋਂ ਸੈਲਫੀਆਂ ਲੈ ਕੇ ਯਾਦਗਾਰ ਪਲਾਂ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕੀਤਾ ਜਾ ਰਿਹਾ ਹੈ। ਅੱਜ ਦੇ ਮੇਲੇ ਵਿੱਚ ਮੁੱਖ ਆਕਰਸ਼ਨ ਪੁਰਾਤਨ ਸਮੇਂ ਮਨੋਰੰਜਨ ਦਾ ਮੁੱਖ ਸਾਧਨ ਮੰਨਿਆਂ ਜਾਂਦਾ ਕਠਪੁਤਲੀ ਸ਼ੋਅ ਰਿਹਾ। ਇਸ ਵਿੱਚ ਕਲਾਕਾਰਾਂ ਵੱਲੋਂ ਕੱਪੜੇ ਨਾਲ ਬਣਾਏ ਗੁੱਡੇ-ਗੁੱਡੀਆਂ ਨੂੰ ਧਾਗੇ ਨਾਲ ਬੰਨ੍ਹ ਕੇ ਨਜਾਇਆ ਜਾ ਰਿਹਾ ਸੀ। ਮੇਲੇ ਵਿੱਚ ਆਏ ਕਈ ਬਜ਼ੁਰਗਾਂ ਨੇ ਦੱਸਿਆ ਕਿ ਇਸ ਕਠਪੁਤਲੀ ਸ਼ੋਅ ਨੇ ਉਨ੍ਹਾਂ ਨੂੰ ਆਪਣਾ ਬਚਪਨ ਚੇਤੇ ਕਰਵਾ ਦਿੱਤਾ। ਇਸੇ ਆਪਣੀਆਂ ਲੱਤਾਂ ਨਾਲ ਉੱਚੇ ਬਾਂਸ ਬੰਨ੍ਹ ਕੇ ਮੇਲੇ ਵਿੱਚ ਗੇੜੀ ਲਗਾਉਂਦਾ ਕਲਾਕਾਰ ਵੀ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸੇ ਤਰ੍ਹਾਂ ਕਾਰਟੂਨਾਂ ਦੇ ਪਹਿਰਾਵੇ ਵਿੱਚ ਸਜੇ ਕਲਾਕਾਰ ਵੀ ਮੇਲੀਆਂ ਦਾ ਚੰਗਾ ਮਨੋਰੰਜਨ ਕਰ ਰਹੇ ਹਨ।