ਸਭਿਆਚਾਰਕ ਸਾਂਝ ਹੋਰ ਮਜ਼ਬੂਤ ਕਰਦਾ ਸਰਸ ਮੇਲਾ ਸਮਾਪਤ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਬੀਤੀ 4 ਅਕਤੂਬਰ ਤੋਂ ਸ਼ੁਰੂ ਸਰਸ ਮੇਲਾ ਅੱਜ ਭਾਈਚਾਰਕ ਅਤੇ ਸੱਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦਾ ਹੋਇਆ ਦੇਰ ਰਾਤ ਸਮਾਪਤ ਹੋ ਗਿਆ। ਇਸ ਮੇਲੇ ਵਿੱਚ 28 ਸੂਬਿਆਂ ਅਤੇ 8 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਹੁਨਰਮੰਦ ਲੋਕਾਂ ਨੇ ਆਪੋ ਆਪਣੇ ਵੱਖ ਵੱਖ ਵਸਤਾਂ, ਪਕਵਾਨਾਂ ਦੇ ਸਟਾਲ ਲਾਏ ਹੋਏ ਸਨ। ਮੇਲੇ ਦੇ ਅੱਜ ਆਖਰੀ ਦਿਨ ਭਾਰੀ ਗਿਣਤੀ ਵਿੱਚ ਲੋਕਾਂ ਨੇ ਆਪਣੀ ਪਸੰਦ ਦੀਆਂ ਚੀਜ਼ਾਂ ਖਰੀਦੀਆਂ।
ਮੇਲੇ ਦੀ ਰੌਣਕ ਨੂੰ ਵਧਾਉਣ ਲਈ ਰੋਜ਼ਾਨਾਂ ਮਸ਼ਹੂਰ ਪੰਜਾਬੀ ਗਾਇਕਾਂ ਦੇ ਪ੍ਰੋਗਰਾਮ ਵੀ ਕਰਵਾਏ ਗਏ। ਇਨ੍ਹਾਂ ’ਚ ਪਹਿਲਾ ਪ੍ਰੋਗਰਾਮ ਗੁਰਦਾਸ ਮਾਨ ਦਾ ਰਿਹਾ। ਇਸ ਤੋਂ ਇਲਾਵਾ ਕੰਵਰ ਗਰੇਵਾਲ, ਸਤਿੰਦਰ ਸਰਤਾਜ, ਗੁਰਨਾਮ ਭੁੱਲਰ, ਕੁਲਵਿੰਦਰ ਬਿੱਲਾ, ਪਰੀ ਪੰਧੇਰ, ਕਾਲਾ ਗਰੇਵਾਲ, ਵਿੱਕੀ ਢਿੱਲੋਂ, ਬਸੰਤ ਕੌਰ ਆਦਿ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਮੇਲੇ ਵਿੱਚ ਆਉਣ ਵਾਲੇ ਲੋਕਾਂ ਦਾ ਚੰਗਾ ਮਨੋਰੰਜਨ ਕੀਤਾ। ਇਸ ਮੇਲੇ ਵਿੱਚ 1000 ਦੇ ਕਰੀਬ ਵੱਖ ਵੱਖ ਸਟਾਲ ਲੱਗੇ ਹੋਏ ਸਨ। ਇੰਨਾਂ ਵਿੱਚ ਲੱਕੜ ਦੇ ਖਿਡੌਣੇ, ਫਰਨੀਚਰ, ਘਰਾਂ ਦੀ ਸਜਾਵਟ ਵਾਲਾ ਸਮਾਨ, ਕਿਤਾਬਾਂ ਦੇ ਸਟਾਲ, ਗਹਿਣੇ, ਆਚਾਰ, ਤਰ੍ਹਾਂ ਤਰ੍ਹਾਂ ਦੇ ਮੁਰੱਬੇ, ਵੱਖ ਵੱਖ ਸੂਬਿਆਂ ਦੇ ਪਕਵਾਨਾਂ ਦੇ ਸਟਾਲ ਖਿੱਚ ਦਾ ਕੇਂਦਰ ਰਹੇ। ਇਸ ਦੌਰਾਨ ਸਕੂਲਾਂ, ਕਾਲਜਾਂ ਦੇ ਨੌਜਵਾਨਾਂ ਨੇ ਮੌਕੇ ’ਤੇ ਪੇਂਟਿੰਗ, ਫੇਸ ਪੇਂਟਿੰਗ, ਰੰਗੋਲੀ, ਮਹਿੰਦੀ ਅਤੇ ਫੋਟੋਗ੍ਰਾਫੀ ਆਦਿ ਦੇ ਮੁਕਾਬਲਿਆਂ ਵਿੱਚ ਭਾਗੀਦਾਰੀ ਕਰਕੇ ਆਪਣੀ ਕਲਾ ਦੇ ਜੌਹਰ ਦਿਖਾਏ। ਮੇਲੇ ਵਿੱਚ ਨਾਭਾ ਦੇ ਭੀਮ ਸਿੰਘ ਵੱਲੋਂ ਲਾਊਡ ਸਪੀਕਰ ’ਤੇ ਚੱਲਦੇ ਪੰਜਾਬੀ/ਹਿੰਦੀ ਰਿਕਾਰਡ, ਰਾਜਸਥਾਨ ਦੇ ਕਲਾਕਾਰਾਂ ਵੱਲੋਂ ਦਿਖਾਏ ਕਠਪੁਤਲੀਆਂ ਸ਼ੋਅ, ਮੇਲੇ ਵਿੱਚ ਰੱਖਿਆ ਚਲਦਾ ਫਿਰਦਾ ਸਿਨਮਾ (ਬਾਇਓਸਕੋਪ), ਵੱਖ ਵੱਖ ਸੂਬਿਆਂ ਦੇ ਕਲਾਕਾਰਾਂ ਵੱਲੋਂ ਕੀਤੀਆਂ ਪੇਸ਼ਕਾਰੀਆਂ ਦੇਸ਼ ਦੀ ਸੱਭਿਆਚਾਰਕ ਅਮੀਰੀ ਦੀ ਯਾਦ ਤਾਜ਼ਾ ਕਰ ਗਈਆਂ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਇਹ ਮੇਲਾ 2017 ਅਤੇ 2023 ਵਿੱਚ ਵੀ ਲੱਗਿਆ ਸੀ ਪਰ ਇਸ ਵਾਰ ਮੇਲੇ ਦੀਆਂ ਰੌਣਕਾਂ ਕਈ ਗੁਣਾਂ ਵੱਧ ਰਹੀਆਂ। ਖਬਰ ਲਿਖੇ ਜਾਣ ਤੱਕ ਮੇਲੇ ਦੇ ਆਖਰੀ ਨਾਈਟ ਸ਼ੋਅ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਲੋਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਸੀ।