ਹਰ ਉਮਰ ਵਰਗ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਸਰਸ ਮੇਲਾ
ਲੁਧਿਆਣਾ ਵਿੱਚ ਤੀਜੀ ਵਾਰ ਲੱਗਾ ਸਰਸ ਮੇਲਾ ਆਪਣੇ ਸਿਖਰ ਵੱਲ ਪੈਰ ਵਧਾਉਂਦਾ ਜਾ ਰਿਹਾ ਹੈ। ਇਹ ਮੇਲਾ ਘਰਾ ਨੂੰ ਸਜਾਉਣ ਦਾ ਸ਼ੌਕ ਰੱਖਣ ਵਾਲਿਆਂ ਲਈ ਖਰੀਦਦਾਰੀ ਕਰਨ ਦਾ ਵਧੀਆ ਪਲੈਟਫਾਰਮ ਹੈ। ਇਸ ਮੇਲੇ ਵਿੱਚ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਭਾਰਤ ਤੋਂ 28 ਰਾਜਾਂ ਅਤੇ 8 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਹੁਨਰਮੰਦ ਲੋਕਾਂ ਵੱਲੋਂ ਆਪੋ ਆਪਣੇ ਸਟਾਲ ਲਾਏ ਹੋਏ ਹਨ।
ਪੀਏਯੂ ਕੈਂਪਸ ਵਿੱਚ ਚੱਲ ਰਹੇ ਸਰਸ ਮੇਲੇ ਦੀ ਖੂਬਸੂਰਤ ਦਿਖ ਅਤੇ ਇੱਥੇ ਲੱਗੇ ਭਾਂਤ-ਭਾਂਤ ਦੇ ਸਟਾਲ ਕਲਾ ਪ੍ਰੇਮੀਆਂ, ਖਰੀਦਦਾਰੀ ਕਰਨ ਦੇ ਸ਼ੌਕੀਨਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਮੇਲੇ ਵਿੱਚ ਪਿਛਲੇ ਕਰੀਬ ਨੌ ਦਿਨਾਂ ਤੋਂ ਲੱਗੀਆਂ ਰੌਣਕਾਂ ਇਸ ਗੱਲ ਦਾ ਪ੍ਰਤੀਕ ਹੈ ਕਿ ਮੇਲੇ ਵਿੱਚ ਹਰ ਉਮਰ, ਸ਼ੌਕ ਵਾਲੇ ਲੋਕਾਂ ਲਈ ਕੁੱਝ ਨਾਲ ਕੁੱਝ ਰੱਖਿਆ ਹੋਇਆ ਹੈ। ਰਾਜਸਥਾਨ ਦੇ ਲਾਖ ਦੇ ਬਣੇ ਖਿਡੌਣੇ ਖ੍ਰੀਦਣ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ। ਇਸ ਮੇਲੇ ਵਿੱਚ ਦਰਜਨ ਤੋਂ ਵੱਧ ਸਟਾਲ ਘਰਾਂ ਦੀ ਅੰਦਰੂਨੀ ਸਜਾਵਟ ਵਾਲੇ ਸਾਮਾਨ ਦੇ ਲੱਗੇ ਹੋਏ ਹਨ। ਇੰਨਾਂ ’ਚ ਕਾਗਜ਼ੀ/ਕੱਪੜੇ ਦੇ ਬਣੇ ਬਨਾਵਟੀ ਫੁੱਲ, ਬੂਟੇ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇੰਨਾਂ ਸਟਾਲਾਂ ’ਤੇ 10 ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਏ ਕੀਮਤ ਦੇ ਨਕਲੀ ਫੁੱਲ, ਬੂਟੇ ਦੇਖਣ ਅਤੇ ਖ੍ਰੀਦਣ ਨੂੰ ਮਿਲ ਰਹੇ ਹਨ। ਫੁੱਲ-ਬੂਟਿਆਂ ਤੋਂ ਇਲਾਵਾ ਲੱਕੜੀ ਦੇ ਬਣੇ ਗਮਲੇ ਅਤੇ ਹੋਰ ਸਜਾਵਟੀ ਸਮਾਨ ਵੀ ਕਲਾ ਪ੍ਰੇਮੀਆਂ ’ਤੇ ਆਪਣੀ ਛਾਪ ਛੱਡ ਰਹੇ ਹਨ। ਇਸੇ ਤਰ੍ਹਾਂ ਗੁਰਮੁਖੀ ਲਿਪੀ ਫੱਟੀ, ਘੜੀਆਂ, ਕੈਲੰਡਰ, ਈਕੋ ਪੈੱਨ, ਬੁਰਸ਼ ਆਦਿ ਖ੍ਰੀਦਣ ’ਚ ਵੀ ਲੋਕਾਂ ਵੱਲੋਂ ਕਾਫੀ ਦਿਲਚਸਪੀ ਦਿਖਾਈ ਜਾ ਰਹੀ ਹੈ। ਮੇਲੇ ਵਿੱਚ ਆਉਣ ਵਾਲੇ ਮੇਲੀਆਂ, ਸਟਾਲਾਂ ਵਾਲਿਆਂ ਦੀ ਸੁਰੱਖਿਆਂ ਨੂੰ ਧਿਆਨ ਵਿੱਚ ਰੱਖਦਿਆਂ ਥਾਂ-ਥਾਂ ਕੰਟਰੋਲ ਰੂਮ ਸਥਾਪਤ ਕੀਤੇ ਹੋਏ ਹਨ। ਮੁੱਢਲੀ ਡਾਕਟਰੀ ਸਹਾਇਤਾ ਲਈ ਵੀ ਕਾਊਂਟਰ ਬਣਾਏ ਗਏ ਹਨ। ਬਾਹਰੋਂ ਆਉਣ ਵਾਲੇ ਵੀਆਈਪੀਜ਼ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ। ਰਾਤ ਸਮੇਂ ਮੇਲੇ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਹੈ। ਪਿਛਲੇ ਕਈ ਦਿਨਾਂ ਤੋਂ ਇਹ ਮੇਲਾ ਲੁਧਿਆਣਵੀਆਂ ਲਈ ਪਿਕਨਿਕ ਸਪੌਟ ਬਣਿਆ ਹੋਇਆ ਹੈ।