ਸਫ਼ਾਈ ਸੇਵਕਾਂ ਨੇ ਘੇਰਿਆ ਨਗਰ ਨਿਗਮ ਦਾ ਦਫ਼ਤਰ
ਸਨਅਤੀ ਸ਼ਹਿਰ ਵਿੱਚੋਂ ਲੋਕਾਂ ਦੇ ਘਰ ਘਰ ਜਾ ਕੇ ਕੂੜਾ ਚੁੱਕਣ ਵਾਲੇ ਸਫ਼ਾਈ ਸਵੇੇਕਾਂ ਨੇ ਅੱਜ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੇਨ-ਡੀ ਦਫ਼ਤਰ ਨੂੰ ਘੇਰਿਆ ਤੇ ਸਰਕਾਰ ਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਡੋਰ-ਟੂ-ਡੋਰ ਮਜ਼ਦੂਰ ਏਕਤਾ ਸੰਗਠਨ ਵੱਲੋਂ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਿਸ ਦੀ ਅਗਵਾਈ ਸੰਗਠਨ ਦੇ ਪ੍ਰਧਾਨ ਓਮਪਾਲ ਚਨਾਲਿਆ ਨੇ ਕੀਤੀ। ਡੋਰ-ਟੂ-ਡੋਰ ਕੂੜਾ ਚੁੱਕਣ ਵਾਲੇ ਮੁਲਾਜਮਾਂ ਨੇ ਮੁੱਖ ਤੌਰ ’ਤੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਨਾਂ, ਕੰਪੈਕਟਰ ਮਸ਼ੀਨਾਂ ਨੂੰ ਸਹੀ ਢੰਗ ਨਾਲ ਕੰਮ ਕਰਵਾਉਣਾ, ਮੁਲਾਜ਼ਮਾਂ ਨੂੰ ਕੰਪੈਕਟਰ ’ਤੇ ਕੂੜਾ ਸੁੱਟਣ ਤੋਂ ਰੋਕਣ ਤੇ ਘੰਟਿਆਂ ਇੰਤਜ਼ਾਮ ਕਰਨ ਦੇ ਸਿਸਟਮ ਨੂੰ ਖਤਮ ਕਰਨ ਸਬੰਧੀ ਮੰਗਾਂ ਨੂੰ ਮੰਨਣ ਮੰਗ ਕੀਤੀ। ਧਰਨੇ ਦੌਰਾਨ ਮੁਲਾਜ਼ਮਾਂ ਨੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਆਪਣਾ ਮੰਗ ਪੱਤਰ ਦਿੱਤਾ।
ਪ੍ਰਦਰਸ਼ਨ ਵਿੱਚ ਅੱਜ ਹਜ਼ਾਰਾਂ ਮੁਲਾਜ਼ਮ ਸ਼ਾਮਲ ਹੋਏ। ਇਸ ਮੌਕੇ ’ਤੇ ਪ੍ਰਧਾਨ ਓਮਪਾਲ ਚਨਾਲਿਆ ਤੇ ਸੋਨੂੰ ਅਟਵਾਲ ਨੇ ਦੱਸਿਆ ਕਿ ਚਾਰੋਂ ਜੋਨਾਂ ਵਿੱਚ ਡੋਰ-ਟੂ-ਡੋਰ ਕੂੜਾ ਚੁੱਕਣ ਵਾਲੇ ਮੁਲਾਜ਼ਮ ਸਵੇਰੇ 10 ਵਜੇ ਦੁਗਰੀ ਪੁੱਲ ਤੋਂ ਇਕੱਠਾ ਹੋਏ ਤੇ ਰੋਸ ਮਾਰਚ ਕੱਢਦੇ ਹੋਏ ਨਗਰ ਨਿਗਮ ਡੀ ਜੋਨ ਪੁੱਜੇ। ਜਿਥੇ ਉਨ੍ਹਾਂ ਨੇ ਕੂੜਾ ਵਾਲੇ ਰੇਹੜੇ ਨਾਲ ਲੈ ਕੇ ਜੋਨ ਡੀ ਦਫਤਰ ਨੂੰ ਘੇਰਿਆ। ਮੁਲਾਜ਼ਮਾਂ ਨੇ ਦੱਸਿਆ ਕਿ ਨਗਰ ਨਿਗਮ ਕੂੜਾ ਚੁੱਕਣ ਦੇ ਲਈ 170 ਕਰੋੜ ਰੁਪਏ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਦੇ ਰਹੀ ਹੈ। ਜਿਸਦਾ ਟੈਂਡਰ ਰੱਦ ਕਰਨਾ ਚਾਹੀਦਾ ਹੈ। ਇਸਦੇ ਨਾਲ ਸੈਂਕੜੇ ਸਫ਼ਾਈ ਸੇਵਕਾਂ ਦੀ ਰੋਜੀ ਰੋਟੀ ਖੋਹ ਲਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਮੁਲਾਜ਼ਮ ਘਰ ਘਰ ਜਾ ਕੇ ਕੂੜਾ ਇਕੱਠਾ ਕਰਕੇ ਕੰਪੈਕਟਪ ’ਤੇ ਸੁੱਟਦੇ ਹਨ। ਕੰਪੈਟਰਾਂ ਦੀ ਗਿਣਤੀ ਪਹਿਲਾਂ ਹੀ ਆਬਾਦੀ ਦੇ ਮੁਕਾਬਲੇ ਘੱਟ ਨਹੀਂ। ਜਿਹੜੇ ਕੰਪੈਕਟਰ ਲੱਗੇ ਹੋਏ ਹਨ, ਉਹ ਸਹੀ ਤਰੀਕੇ ਦੇ ਨਾਲ ਕੰਮ ਵੀ ਨਹੀਂ ਕਰ ਰਹੇ ਹਨ। ਨਗਰ ਨਿਗਮ ਦੇ ਮੁਲਾਜ਼ਮ ਡੋਰ-ਟੂ-ਡੋਰ ਕੁੜਾ ਚੁੱਕਣ ਵਾਲੇ ਸਫ਼ਾਈ ਸੇਵਕਾਂ ਨੂੰ ਤੰਗ ਕਰਦੇ ਹਨ। ਜਿਸ ਕਾਰਨ ਕੰਪੈਕਟਰਾਂ ਦੇ ਬਾਹਰ ਰੇਹੜੀਆਂ ਦੀ ਲੰਬੀ ਲਾਈਨ ਲੱਗ ਜਾਂਦੀ ਹੈ। ਮੰਗਾਂ ਮੰਨਣ ਦੇ ਲਈ ਉਨ੍ਹਾਂ ਨੇ ਨਿਗਮ ਕਮਿਸ਼ਨਰ ਤੇ ਮੇਅਰ ਨੂੰ 15 ਦਿਨਾਂ ਦਾ ਸਮਾਂ ਦਿੱਤਾ। ਉਨ੍ਹਾਂ ਕਿਹਾ ਕਿ ਅਗਰ 15 ਦਿਨਾਂ ਵਿੱਚ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਏਗਾ।