ਕੂੜਾ ਇਕੱਠਾ ਕਰਨ ਗਏ ਸਫ਼ਾਈ ਕਰਮਚਾਰੀ ਦੀ ਕੁੱਟਮਾਰ
ਵਾਰਡ 13 ਵਿੱਚ ਨਗਰ ਨਿਗਮ ਮੁਲਾਜ਼ਮ ਨਾਲ ਦੋ ਵਿਅਕਤੀਆਂ ਨੇ ਬਦਸਲੂਕੀ ਅਤੇ ਕੁੱਟਮਾਰ ਕੀਤੀ ਤੇ ਉਸ ਨੂੰ ਜਾਤੀਸੂਚਕ ਗਾਲਾਂ ਵੀ ਕੱਢੀਆਂ ਜਿਸ ਤੋਂ ਬਾਅਦ ਮੁਲਜ਼ਮ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਪੁਲੀਸ ਥਾਣਾ ਟਿੱਬਾ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਸੁਭਾਸ਼ ਨਗਰ ਹੀਰਾ ਵਿਹਾਰ ਕਲੋਨੀ ਦੇ ਅਵਿਨਾਸ਼ ਕੁਮਾਰ ਦੀ ਸ਼ਿਕਾਇਤ ’ਤੇ ਇਲਾਕੇ ਵਿੱਚ ਰਹਿਣ ਵਾਲੇ ਵਿੱਕੀ ਰਾਣਾ ਅਤੇ ਅਮਿਤ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਅਵਿਨਾਸ਼ ਕੁਮਾਰ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਜਦੋਂ ਉਸ ਦੇ ਮੁਲਾਜ਼ਮ ਕੁੰਦਨ ਕੁਮਾਰ ਅਤੇ ਗੋਵਿੰਦ ਦੁਪਹਿਰ 3.30 ਵਜੇ ਦੇ ਕਰੀਬ ਵਾਰਡ ਨੰਬਰ 13 ਦੀ ਹੀਰਾ ਵਿਹਾਰ ਕਲੋਨੀ (ਸੁਭਾਸ਼ ਨਗਰ) ਵਿੱਚ ਕੂੜਾ ਇਕੱਠਾ ਕਰਨ ਗਏ ਸਨ ਤਾਂ ਵਿੱਕੀ ਰਾਣਾ ਅਤੇ ਉਸ ਦੇ ਸਾਥੀ ਅਮਿਤ ਨੇ ਕੂੜੇ ਦੀ ਗੱਡੀ ਰੋਕ ਲਈ। ਪੀੜਤ ਵਿਅਕਤੀ ਨੇ ਦੋਸ਼ ਲਾਏ ਕਿ ਵਿੱਕੀ ਰਾਣਾ ਨੇ ਗੱਡੀ ਦੀਆਂ ਚਾਬੀਆਂ ਖੋਹ ਲਈਆਂ ਅਤੇ ਦੋਵਾਂ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਜਦੋਂ ਅਵਿਨਾਸ਼ ਕੁਮਾਰ ਮੌਕੇ ’ਤੇ ਪਹੁੰਚਿਆ ਤਾਂ ਵਿੱਕੀ ਰਾਣਾ ਅਤੇ ਅਮਿਤ ਨੇ ਉਸ ਨਾਲ ਵੀ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਵਿੱਕੀ ਰਾਣਾ ਅਤੇ ਅਮਿਤ ਨੇ ਅਵਿਨਾਸ਼ ਕੁਮਾਰ ਅਤੇ ਉਸ ਦੇ ਮੁਲਾਜ਼ਮਾਂ ਨੂੰ ਥੱਪੜ ਮਾਰਿਆ ਅਤੇ ਉਨ੍ਹਾਂ ਦੀ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਈ। ਅਵਿਨਾਸ਼ ਕੁਮਾਰ ਨੇ ਕਿਹਾ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ ਅਤੇ ਮੁਲਜ਼ਮਾਂ ਨੂੰ ਇਹ ਪਹਿਲਾਂ ਤੋਂ ਪਤਾ ਸੀ। ਜਾਂਚ ਅਧਿਕਾਰੀ ਏਐੱਸਆਈ ਰਵਿੰਦਰ ਕੁਮਾਰ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਵਿੱਕੀ ਰਾਣਾ ਅਤੇ ਅਮਿਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।