ਸਫ਼ਾਈ ਪ੍ਰਬੰਧਾਂ ’ਚ ਘਾਟ ਕਾਰਨ ਸੈਨੇਟਰੀ ਸੁਪਰਵਾਈਜ਼ਰ ਮੁਅੱਤਲ
ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਵੱਲੋਂ ਸਫ਼ਾਈ ਪ੍ਰਤੀ ਸਖ਼ਤ ਰੁਖ਼ ਅਪਣਾਉਣ ਤਹਿਤ ਇੱਕ ਸੈਨੇਟਰੀ ਸੁਪਰਵਾਈਜ਼ਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਇੱਕ ਮੁੱਖ ਸੈਨੇਟਰੀ ਇੰਸਪੈਕਟਰ (ਸੀ.ਐਸ.ਆਈ) ਅਤੇ ਨੰਬਰਦਾਰ ਨੂੰ ਸਫ਼ਾਈ ਦੀ ਕਮੀ ਹੋਣ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਨਿਰੀਖਣ ਦੌਰਾਨ ਉਨ੍ਹਾਂ ਦੇ ਸਬੰਧਤ ਇਲਾਕਿਆਂ ਵਿੱਚ ਸਫ਼ਾਈ ਦੀ ਕਮੀ ਹੋਣ ਤੋਂ ਬਾਅਦ ਸਬੰਧਤ ਸਟਾਫ਼ ਵਿਰੁੱਧ ਕਾਰਵਾਈ ਕੀਤੀ ਗਈ ਹੈ। ਸੈਨੇਟਰੀ ਸੁਪਰਵਾਈਜ਼ਰ ਵਿਜੈ ਚੌਹਾਨ ਨੂੰ ਚੰਡੀਗੜ੍ਹ ਰੋਡ ’ਤੇ ਉਨ੍ਹਾਂ ਨੂੰ ਅਲਾਟ ਕੀਤੇ ਗਏ ਇਲਾਕੇ (ਵੀਰ ਪੈਲੇਸ ਤੋਂ ਫੋਰਟਿਸ ਹਸਪਤਾਲ) ਵਿੱਚ ਸਫ਼ਾਈ ਦੀ ਘਾਟ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੀਐੱਸਆਈ ਸੁਰਿੰਦਰ ਡੋਗਰਾ ਅਤੇ ਲੰਬੜਦਾਰ ਪ੍ਰਮੋਦ ਕੁਮਾਰ ਨੂੰ ਦੰਡੀ ਸਵਾਮੀ ਚੌਕ (ਪੁਰਾਣੀ ਡੀ.ਐਮ.ਸੀ ਹਸਪਤਾਲ ਸੜਕ) ਤੋਂ ਸਿਵਲ ਸਰਜਨ ਦਫ਼ਤਰ ਜਾਣ ਵਾਲੀ ਸੜਕ ’ਤੇ ਸਫ਼ਾਈ ਦੀ ਕਮੀ ਹੋਣ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੇ ਸਬੰਧਤ ਇਲਾਕਿਆਂ ਵਿੱਚ ਸ਼ੁੱਕਰਵਾਰ ਨੂੰ ਨਿਰੀਖਣ ਕੀਤੇ ਗਏ ਸਨ।
ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਸਿਹਤ ਸ਼ਾਖਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਸਫ਼ਾਈ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਿਉਂਕਿ ਇਹ ਕਰਮਚਾਰੀ ਆਪਣੀਆਂ ਡਿਊਟੀਆਂ ਨਿਭਾਉਣ ਵਿੱਚ ਅਸਫਲ ਰਹੇ ਹਨ, ਇਸ ਲਈ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਡੇਚਲਵਾਲ ਨੇ ਅੱਗੇ ਕਿਹਾ ਕਿ ਸ਼ਹਿਰ ਭਰ ਵਿੱਚ ਨਿਯਮਤ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਕਰਮਚਾਰੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਦੱਸਣਾ ਉਚਿਤ ਹੈ ਕਿ ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਵੀ ਇੱਕ ਸਫ਼ਾਈ ਕਰਮਚਾਰੀ ਨੂੰ ਨਗਰ ਨਿਗਮ ਦੇ ਜ਼ੋਨ ਬੀ ਅਧੀਨ ਆਉਣ ਵਾਲੀ 100 ਫੁੱਟਾ ਸੜਕ ਤੇ ਸਫ਼ਾਈ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ, ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਵਸਨੀਕਾਂ ਨੂੰ ਖੁੱਲ੍ਹੇ ਵਿੱਚ ਕੂੜਾ ਸੁੱਟਣਾ ਬੰਦ ਕਰਨ ਅਤੇ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ।