ਪੁਲੀਸ ਨੇ ਸੰਵੇਦਨਸ਼ੀਲ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਸਬੰਧੀ ਸਮਰਾਲਾ ਪੁਲੀਸ ਨੇ ਇਲਾਕੇ ਦੇ ਸੰਵੇਦਨਸ਼ੀਲ ਐਲਾਨੇ ਗਏ 15 ਪਿੰਡਾਂ ਵਿੱਚ ਫਲੈਗ ਮਾਰਚ ਕੀਤਾ। ਐੱਸ ਪੀ ਪੁਰਸ਼ੋਤਮ ਸਿੰਘ ਦੀ ਅਗਵਾਈ ਹੇਠ ਇਸ ਫਲੈਗ ਮਾਰਚ ਵਿੱਚ ਡੀ ਐੱਸ ਪੀ ਸਮਰਾਲਾ ਤਰਲੋਚਨ ਸਿੰਘ ਅਤੇ ਐੱਸ ਐੱਚ ਓ ਸਮਰਾਲਾ ਹਰਵਿੰਦਰ ਸਿੰਘ ਤੇ ਐੱਸ ਐੱਚ ਓ ਮਾਛੀਵਾੜਾ ਪਵਿੱਤਰ ਸਿੰਘ ਸਮੇਤ ਦੋਵੇਂ ਥਾਣਿਆਂ ਦੀ ਪੁਲੀਸ ਫੋਰਸ ਸ਼ਾਮਲ ਹੋਈ। ਸੰਵੇਦਨਸ਼ੀਲ ਪਿੰਡਾਂ ਦੇ ਲੋਕਾਂ ’ਚ ਸੁਰੱਖਿਆ ਭਾਵਨਾ ਮਜ਼ਬੂਤ ਕਰਨ ਲਈ ਕੀਤੇ ਗਏ ਫਲੈਗ ਮਾਰਚ ਦੌਰਾਨ ਪੁਲੀਸ ਨੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਵੀ ਦਿੱਤੀ। ਐੱਸ ਪੀ ਪੁਰਸ਼ੋਤਮ ਸਿੰਘ ਨੇ ਦੱਸਿਆ ਕਿ, ਚੋਣਾਂ ਨੂੰ ਪੂਰੀ ਤਰ੍ਹਾਂ ਅਮਨ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ, ਪੁਲੀਸ ਲਗਾਤਾਰ ਫਲੈਗ ਮਾਰਚ ਕਰੇਗੀ ਤਾਂ ਕਿ ਲੋਕ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਪਿੰਡਾਂ ਵਿਚ ਪੁਲੀਸ ਦੀ ਨਜ਼ਰ ਰਹੇਗੀ। ਇਨ੍ਹਾਂ ਪਿੰਡਾਂ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੁਲੀਸ ਨਿਰਪੱਖ ਚੋਣਾਂ ਕਰਵਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਵੇਗੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ, ਵੋਟਰ ਇਨ੍ਹਾਂ ਚੋਣਾਂ ਵਿੱਚ ਬਿਨਾਂ ਕਿਸੇ ਡਰ ਅਤੇ ਲੋਭ-ਲਾਲਚ ਤੋਂ ਆਪਣੀ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਅਤੇ ਜੇਕਰ ਕਿਸੇ ਵੀ ਪਿੰਡ ਵਿੱਚ ਕੋਈ ਨਸ਼ਾ ਜਾਂ ਹੋਰ ਕੋਈ ਲਾਲਚ ਵੋਟਰਾਂ ਨੂੰ ਦਿੱਤੇ ਜਾਣ ਦੀ ਸ਼ਿਕਾਇਤ ਮਿਲੇਗੀ ਤਾਂ ਉਸ ਤੇ ਤੁਰੰਤ ਐਕਸ਼ਨ ਲਿਆ ਜਾਵੇਗਾ।
