ਸਮਰਾਲਾ ਚੌਕ ਨੇ ਮੀਂਹ ਕਾਰਨ ਧਾਰਿਆ ਝੀਲ ਦਾ ਰੂਪ
ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਨਾਲੋਂ ਸਭ ਤੋਂ ਵੱਧ ਭੀੜ-ਭੜੱਕੇ ਵਾਲੇ ਸ਼ਹਿਰ ਲੁਧਿਆਣਾ ਦੀਆਂ ਸੜਕਾਂ ਮੀਂਹ ਦੇ ਪਾਣੀ ਨਾਲ ਹਾਲੋਂ-ਬੇਹਾਲ ਹੋ ਚੁੱਕੀਆਂ ਹਨ। ਇੱਥੋਂ ਦੇ ਸਮਰਾਲਾ ਚੌਂਕ ਨੇੜੇ ਤਾਂ ਸੜਕ ’ਤੇ ਖੜ੍ਹਾ ਪਾਣੀ ਕਈ ਦਿਨਾਂ ਤੋਂ ਝੀਲ ਦਾ ਰੂਪ ਧਾਰੀ ਬੈਠਾ ਹੈ। ਇੱਥੇ ਪਾਣੀ ਦੀ ਕੋਈ ਢੁਕਵੀਂ ਨਿਕਾਸੀ ਦਿਖਾਈ ਨਹੀਂ ਦਿੰਦੀ। ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਹੀ ਇੱਥੇ ਪਾਣੀ ਖੜ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਕਈ ਕਈ ਦਿਨ ਤੱਕ ਸੁੱਕਣ ਦਾ ਨਾਂ ਨਹੀਂ ਲੈਂਦਾ। ਇਹੋ ਹਾਲ ਸ਼ਹਿਰ ਦੀਆਂ ਹੋਰ ਕਈ-ਸੜਕਾਂ ਦਾ ਵੀ ਦੇਖਿਆ ਜਾ ਸਕਦਾ ਹੈ।
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਭਾਵੇਂ ਹਰ ਪਾਸੇ ਵਿਕਾਸ ਹੋਇਆ ਹੈ ਪਰ ਬਰਸਾਤੀ ਪਾਣੀ ਦੀ ਨਿਕਾਸੀ ਦਾ ਕਈ ਸਾਲਾਂ ਬਾਅਦ ਵੀ ਕੋਈ ਢੁਕਵਾਂ ਪ੍ਰਬੰਧ ਦਿਖਾਈ ਨਹੀਂ ਦੇ ਰਿਹਾ। ਇੱਥੋਂ ਦੇ ਸਮਰਾਲਾ ਚੌਕ ’ਤੇ ਪਿਛਲੇ ਕਈ ਸਾਲਾਂ ਤੋਂ ਫਲਾਈਓਵਰ ਬਣਿਆ ਹੋਇਆ ਹੈ। ਬਰਸਾਤੀ ਮੌਸਮ ਵਿੱਚ ਇਸ ਫਲਾਈਓਵਰ ਤੋਂ ਡਿਗਣ ਵਾਲੇ ਪਾਣੀ ਦੀ ਨਿਕਾਸੀ ਲਈ ਕੋਈ ਢੁਕਵਾਂ ਪ੍ਰਬੰਧ ਦਿਖਾਈ ਨਹੀਂ ਦੇ ਰਿਹਾ। ਭਾਵੇਂ ਇਸ ਪੁਲ ਦੇ ਆਸੇ-ਪਾਸੇ ਨਿਕਾਸੀ ਲਈ ਨਾਲੇ ਬਣਾਏ ਹੋਏ ਹਨ ਪਰ ਇਨ੍ਹਾਂ ਦੀ ਨਾ ਤਾਂ ਕਦੇ ਸਫਾਈ ਹੋਈ ਲੱਗ ਰਹੀ ਹੈ ਅਤੇ ਨਾ ਹੀ ਇੰਨਾਂ ਦਾ ਪਾਣੀ ਅੱਗੋਂ ਕਿਸੇ ਪਾਸੇ ਨਿਕਲਦਾ ਹੈ। ਇਹੋ ਵਜ੍ਹਾ ਹੈ ਕਿ ਥੋੜ੍ਹਾ ਜਿਹਾ ਵੀ ਮੀਂਹ ਪੈਣ ਤੋਂ ਬਾਅਦ ਜਲੰਧਰ ਬਾਈਪਾਸ ਵੱਲੋਂ ਸਮਰਾਲਾ ਚੌਂਕ ਅਤੇ ਸਮਰਾਲਾ ਚੌਂਕ ਤੋਂ ਜਲੰਧਰ ਬਾਈਪਾਸ ਜਾਣ ਵਾਲੀਆਂ ਦੋਵੇਂ ਸੜਕਾਂ 'ਤੇ ਕਈ-ਕਈ ਦਿਨ ਪਾਣੀ ਨਹੀਂ ਸੁੱਕਦਾ। ਅੱਜਕਲ੍ਹ ਵੀ ਇੱਥੇ ਪਾਣੀ ਖੜ੍ਹਾ ਹੋਇਆ ਹੈ ਜਿਸ ਕਰਕੇ ਵਾਹਨਾਂ ਨੂੰ ਪਾਣੀ ਵਿੱਚੋਂ ਦੀ ਹੋ ਕੇ ਲੰਘਣਾ ਪੈ ਰਿਹਾ ਹੈ। ਮੀਂਹ ਦਾ ਪਾਣੀ ਖੜ੍ਹਾ ਹੋਣ ਨਾਲ ਇਨ੍ਹਾਂ ਸੜਕਾਂ ’ਤੇ ਤਾਂ ਹੁਣ ਵੱਡੇ ਵੱਡੇ ਟੋਏ ਵੀ ਪੈ ਗਏ ਹਨ ਜੋ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਸ ਪੁਲ ਦੇ ਆਲੇ-ਦੁਆਲੇ ਦਰਜਨਾਂ ਦੁਕਾਨਾਂ ਅਤੇ ਦੋ ਗੁਰਦੁਆਰਾ ਸਾਹਿਬ ਵੀ ਹਨ ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ-ਜਾਂਦੇ ਹਨ।