ਧਰਮਿੰਦਰ ਦੀ ਰੂਹ ਵਿੱਚ ਵੱਸਦਾ ਸੀ ਸਾਹਨੇਵਾਲ
ਬੌਲੀਵੁੱਡ ਦੀ ਚਮਕ ਵਿੱਚ ਸਿੱਖਰਾਂ ’ਤੇ ਰਹਿਣ ਦੇ ਬਾਵਜੂਦ ਧਰਮਿੰਦਰ ਦੀ ਰੂਹ ਵਿੱਚ ਸਾਹਨੇਵਾਲ ਵੱਸਦਾ ਸੀ। ਆਪਣੀ ਜ਼ਿਦਗੀ ਵਿੱਚ ਉਨ੍ਹਾਂ ਦੀ ਆਖ਼ਰੀ ਇੱਛਾ ਵੀ ਆਪਣੇ ਪਿੰਡ ਆਉਣ ਦੀ ਹੀ ਸੀ। ਇੰਨਾ ਹੀ ਨਹੀਂ ਜੇਕਰ ਮੁੰਬਈ ਵਿੱਚ ਵੀ ਜਦੋਂ ਕੋਈ ਸਾਹਨੇਵਾਲ ਤੋਂ ਜਾਂਦਾ ਸੀ ਜਾਂ ਫਿਰ ਦੁਨੀਆ ਵਿੱਚ ਕਿਤੇ ਵੀ ਧਰਮਿੰਦਰ ਨੂੰ ਮਿਲਦਾ ਸੀ ਤਾਂ ਉਹ ਉਥੇ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਮਿਲਦੇ ਸਨ। ਅਜਿਹਾ ਕੋਈ ਤਿਥ/ਤਿਉਹਾਰ ਨਹੀਂ ਸੀ, ਜਦੋਂ ਧਰਮਿੰਦਰ ਆਪਣੇ ਪਿੰਡ ਨੂੰ ਯਾਦ ਨਾ ਕਰਦੇ ਹੋਣ। ਬਹੁਤ ਵਾਰ ਉਹ ਰਾਤ ਦੇ ਸਮੇਂ ਇੱਥੇ ਆਉਂਦੇ ਹੁੰਦੇ ਸਨ। ਅੱਜ ਵੀ ਸਾਹਨੇਵਾਲ ਅਤੇ ਆਸ-ਪਾਸ ਦੇ ਬਜ਼ੁਰਗ ਲੋਕ ਧਰਮਿੰਦਰ ਨੂੰ ਮਿਲਣ ਮੁੰਬਈ ਜਾਂਦੇ ਹੁੰਦੇ ਸਨ। ਉਹ ਆਪਣੇ ਦੋਸਤਾਂ ਨਾਲ ਬੈਠ ਕੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੇ ਸਨ। ਅੱਜ ਧਰਮਿੰਦਰ ਦੇ ਦੇਹਾਂਤ ਮਗਰੋਂ ਸਾਹਨੇਵਾਲ ਸੁੰਨ ਸੀ ਅਤੇ ਹਰ ਚਿਹਰੇ ’ਤੇ ਮਾਯੂਸੀ ਸੀ। ਧਰਮਿੰਦਰ ਦੇ ਨਾਲ ਰਾਬਤਾ ਰੱਖਣ ਵਾਲੇ ਲੋਕਾਂ ਦਾ ਰੋ ਰੋ ਬੁਰਾ ਹਾਲ ਹੈ। ਸਾਹਨੇਵਾਲ ਦੀ ਮਾਰਕੀਟ ਵੀ ਅੱਜ ਉਨ੍ਹਾਂ ਦੇ ਦੇਹਾਂਤ ਕਾਰਨ ਬੰਦ ਰਹੀ।
ਵਰਿੰਦਰ ਪ੍ਰਤਾਪ ਨੇ ਦੱਸਿਆ ਕਿ ਧਰਮਿੰਦਰ ਦਾ ਪਿੰਡ ਡਾਂਗੋ ਹੈ, ਜਿਥੇ ਉਨ੍ਹਾਂ ਨੇ ਆਪਣੀ ਜ਼ਮੀਨ ਕੁੱਝ ਸਮੇਂ ਪਹਿਲਾਂ ਆਪਣੇ ਚਾਚੇ ਦੇ ਭਰਾ ਮਨਜੀਤ ਸਿੰਘ ਤੇ ਸ਼ਿੰਗਾਰਾ ਸੰਘ ਦੇ ਨਾਮ ਕਰਵਾ ਦਿੱਤੀ ਸੀ। ਉਨ੍ਹਾਂ ਦੇ ਭਤੀਜੇ ਬੂਟਾ ਸਿੰਘ ਦਿਓਲ ਦਾ ਕਹਿਣਾ ਹੈ ਕਿ ਧਰਮ ਭਾਜੀ ਹਮੇਸ਼ਾ ਰਾਤ ਨੂੰ ਹੀ ਆਪਣੇ ਪਿੰਡ ਆਉਂਦੇ ਸਨ ਤਾਂ ਜੋ ਦਿਨ ਵਾਲੇ ਭੀੜ ਦੌਰਾਨ ਲੋਕ ਪ੍ਰੇਸ਼ਾਨ ਨਾ ਹੋਣ। ਉਨ੍ਹਾਂ ਦਾ ਚਾਚਾ ਸ਼ਿੰਗਾਰਾ ਸਿੰਘ ਨਾਲ ਕਾਫ਼ੀ ਲਗਾਅ ਸੀ। ਕਰੋਨਾ ਦੌਰਾਨ ਜਦੋਂ ਸ਼ਿੰਗਾਰਾ ਸਿੰਘ ਦੀ ਮੌਤ ਹੋਈ ਤਾਂ ਉਹ ਉਦੋਂ ਵੀ ਕਾਫ਼ੀ ਰੋਏ ਸਨ। ਵੀਡੀਓ ਕਾਲ ’ਤੇ ਕਾਫ਼ੀ ਸਮਾਂ ਧਰਮਿੰਦਰ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕਰਦੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ 1958 ਤੋਂ ਬਾਅਦ ਹੀ ਧਰਮਿੰਦਰ ਮੁੰਬਈ ਚਲੇ ਗਏ ਸਨ, ਫਿਰ ਵੀ ਉਹ ਆਪਣੇ ਪਿੰਡ ਨੂੰ ਨਹੀਂ ਭੁੱਲੇ ਤੇ ਹਮੇਸ਼ਾ ਹੀ ਪਿੰਡ ਆਉਂਦੇ ਜਾਂਦੇ ਰਹਿੰਦੇ ਸਨ।
