ਸਾਹਿਤ ਅਧਿਐਨ ਕੇਂਦਰ ਵੱਲੋਂ ਪੁਸਤਕ ‘ਕਲਮੀ ਰਮਜ਼ਾਂ-4’ ਰਿਲੀਜ਼
ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਪ੍ਰਕਾਸ਼ਿਤ ਪੁਸਤਕ ‘ਕਲਮੀ ਰਮਜ਼ਾਂ-4’ ਰਿਲੀਜ਼ ਕੀਤੀ ਗਈ। ਇਹ ਪੁਸਤਕ ਬਲਿਹਾਰ ਸਿੰਘ ਲਹਿਲ (ਸਿਆਟਲ) ਮੰਗਤ ਕੁਲਜਿੰਦ ਤੇ ਪ੍ਰਿਤਪਾਲ ਸਿੰਘ ਟਿਵਾਣਾ ਵੱਲੋਂ ਸੰਪਾਦਿਤ ਕੀਤੀ ਗਈ ਹੈ। ਸਮਾਗਮ ਦੀ ਪ੍ਰਧਾਨਗੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕੀਤੀ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੌਮਾਂਤਰੀ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਦਾ ਆਪਸੀ ਸਹਿਯੋਗ ਬੇਹੱਦ ਜ਼ਰੂਰੀ ਹੈ। ਸਮਾਗਮ ਵਿੱਚ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਟਿਵਾਣਾ ਤੇ ਮੈਂਬਰ ਲੱਕੀ ਕਮਲ ਸ਼ਾਮਲ ਹੋਏ। ਪ੍ਰੋਗਰਾਮ ਦੇ ਸ਼ੁਰੂ ਵਿੱਚ ਕਾਲਜ ਕੌਂਸਲ ਦੇ ਪ੍ਰਧਾਨ ਡਾ. ਐੱਸ ਪੀ ਨੇ ਕਿਹਾ ਕਿ ਪਰਵਾਸੀ ਕੇਂਦਰ ਨਿਰੋਲ ਪਰਵਾਸੀ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਵਚਨਬੱਧ ਹੈ। ਕਾਲਜ ਡਾਇਰੈਕਟਰ ਲੁਧਿਆਣਾ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਪੁਸਤਕ ਬਾਰੇ ਵਿਚਾਰ ਚਰਚਾ ਕਰਦੇ ਹੋਏ ਦੱਸਿਆ 31 ਲੇਖਕਾਂ ਦੀਆਂ ਰਚਨਾਵਾਂ ਇਸ ਕਿਤਾਬ ਵਿੱਚ ਸ਼ਾਮਲ ਹਨ। ਪ੍ਰੋ. ਸ਼ਰਨਜੀਤ ਕੌਰ ਲੋਚੀ ਨੇ ਪੰਜਾਬੀ ਲਿਖਾਰੀ ਸਭਾ ਸਿਆਟਲ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਇਟਲੀ ਵੱਸਦੇ ਲੇਖਕ ਦਲਜਿੰਦਰ ਰਹਿਲ ਨੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਸੰਜੀਦਗੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਰਪਾਲ ਸਿੰਘ ਪੂਨੀ, ਕਾਲਜ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ, ਮੈਂਬਰ ਕੁਲਜੀਤ ਸਿੰਘ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ ਤੇ ਡਾ. ਗੁਰਚਰਨ ਕੌਰ ਕੋਚਰ, ਰਾਜਿੰਦਰ ਸਿੰਘ ਸੰਧੂ ਅਤੇ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਜਿੰਦਰ ਕੌਰ ਮਲਹੋਤਰਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
