ਲੁਧਿਆਣਾ ਦੀ ਅਦਾਲਤ ਵਿੱਚ ਭਗੌੜਾ ਕਰਾਰ ਦਿੱਤੀ ਗਈ ਸੀ ਰੁਪਿੰਦਰ ਕੌਰ
ਭਾਰਤੀ ਮੂਲ ਦੀ ਅਮਰੀਕਨ ਨਾਗਰਿਕ ਰੁਪਿੰਦਰ ਕੌਰ ਪੰਧੇਰ, ਜਿਸ ਦੀ ਦੋ ਮਹੀਨੇ ਤੋਂ ਪਹਿਲਾਂ ਕਿਲਾਰਾਏ ਪੁਰ ਦੇ ਸੁਖਜੀਤ ਸਿੰਘ ਸੋਨੀ ਨੇ ਆਪਣੇ ਘਰ ਵਿੱਚ ਹੱਤਿਆ ਕਰ ਦਿੱਤੀ ਸੀ ਉਹ ਖੁਦ ਲੁਧਿਆਣਾ ਦੀ ਇੱਕ ਅਦਾਲਤ ਵੱਲੋਂ ਭਗੌੜਾ ਐਲਾਨ ਕੀਤੀ ਗਈ ਸੀ।
ਇਹ ਕਤਲ ਸੋਨੀ ਨੇ ਮਹਿਮਾ ਸਿੰਘ ਵਾਲਾ ਦੇ ਇੰਗਲੈਂਡ ਰਹਿੰਦੇ ਪਰਵਾਸੀ ਭਾਰਤੀ ਚਰਨਜੀਤ ਸਿੰਘ ਗਰੇਵਾਲ ਦੇ ਕਹਿਣ ’ਤੇ ਕੀਤਾ ਮੰਨਿਆ ਸੀ ਅਤੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਉਪਰਾਲਿਆਂ ਦੌਰਾਨ ਮੁਲਜ਼ਮਾਂ ਨੇ ਪੰਧੇਰ ਵਿਰੁੱਧ ਲੁਕ ਆਊਟ ਸਰਕੁਲਰ ਜਾਰੀ ਹੋਇਆ ਹੋਣ ਕਰ ਕੇ ਉਸ ਦੇ ਆਉਣ ਜਾਣ ਲਈ ਦੂਰ ਦਰਾਡੇ ਵਾਲੇ ਏਅਰਪੋਰਟ ਵਰਤੇ ਸਨ। ਮ੍ਰਿਤਕਾ ਦੀ ਭੈਣ ਕਮਲਦੀਪ ਕੌਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਪੁਲੀਸ ਨੇ ਹਾਲਾਂ ਤੱਕ ਰੁਪਿੰਦਰ ਕੌਰ ਦਾ ਸਾਮਾਨ ਜਿਸ ਵਿੱਚ ਲੱਖਾਂ ਰੁਪਏ ਦੇ ਗਹਿਣੇ, ਕੀਮਤੀ ਸਾਮਾਨ ਤੇ ਦਸਤਾਵੇਜ਼ ਹਨ, ਬਰਾਮਦ ਨਹੀਂ ਕਰਵਾਏ। ਉਸ ਨੇ ਸੁਖਜੀਤ ਸਿੰਘ ਵਿਰੁੱਧ ਪੀ ਏ ਯੂ ਥਾਣਾ ਵਿੱਚ ਡੇਢ ਸਾਲ ਪਹਿਲਾਂ ਦਰਜ ਹੋਈ ਐੱਫ ਆਰ ਆਈ ਦੀ ਕਾਪੀ ਪੇਸ਼ ਕਰਕੇ ਪੁਲੀਸ ਦਾ ਇਹ ਦਾਅਵਾ ਵੀ ਝੁਠਲਾਇਆ ਹੈ ਕਿ ਮੁਲਜ਼ਮ ਵਿਰੁੱਧ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ। ਉੱਧਰ ਥਾਣਾ ਮੁਖੀ ਸੁਖਜਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਹਾਲੀਂ ਵਧੇ ਹੋਏ ਰਿਮਾਂਡ ਦੌਰਾਨ ਤਫਤੀਸ਼ ਜਾਰੀ ਹੈ ਅਤੇ ਕੇਸ ਨਾਲ ਸਬੰਧਤ ਸਾਰਾ ਸਾਮਾਨ ਮੁਲਜ਼ਮਾਂ ਕੋਲੋਂ ਬਰਾਮਦ ਕਰਵਾਇਆ ਜਾਵੇਗਾ। ਇਸ ਦਰਮਿਆਨ ਚਰਨਜੀਤ ਸਿੰਘ ਗਰੇਵਾਲ ਨੇ ਆਪਣੇ ਫੇਸ ਬੁੱਕ ਪੇਜ ਰਾਹੀਂ ਇਹ ਦਾਅਵਾ ਕੀਤਾ ਹੈ ਕਿ ਉਸ ਦਾ ਕਤਲ ਵਿੱਚ ਕੋਈ ਹੱਥ ਨਹੀਂ ਹੈ ਅਤੇ ਨਾ ਹੀ ਉਸ ਨੇ ਕਿਸੇ ਨੂੰ ਇਸ ਕੰਮ ਲਈ ਪੈਸੇ ਦਿੱਤੇ ਹਨ।