ਜ਼ਿਲ੍ਹਾ ਪਰਿਸ਼ਦ ਸੁਧਾਰ ਤੋਂ ਸੱਤਾਧਾਰੀ ਧਿਰ ਨੇ ਸ਼ਹਿਰੀ ਹਲਕੇ ਦਾ ਉਮੀਦਵਾਰ ਉਤਾਰਿਆ
ਕਾਂਗਰਸ ਦੇ ਵਿਧਾਨ ਸਭਾ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਅਨੁਸੂਚਿਤ ਜਾਤੀ ਲਈ ਰਾਖਵਾਂ ਜ਼ਿਲ੍ਹਾ ਪਰਿਸ਼ਦ ਜ਼ੋਨ ਸੁਧਾਰ ਲਈ ਸੱਤਾਧਾਰੀ ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰੇ ਉਮੀਦਵਾਰ ਮਨਜੀਤ ਸਿੰਘ ਨੂੰ ਬਾਹਰੀ ਉਮੀਦਵਾਰ ਦੱਸਦਿਆਂ ਉਸ ਦੀ ਨਾਮਜ਼ਦਗੀ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਵੰਤ ਸਿੰਘ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਵੀ ਇਸ ਦੀ ਸੂਚਨਾ ਭੇਜ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸਮੇਂ 2:50 ਮਿੰਟ ਉਪਰ ਰਿਟਰਨਿੰਗ ਅਫ਼ਸਰ ਨੂੰ ਲਿਖਤੀ ਸੂਚਨਾ ਦੇ ਦਿੱਤੀ ਗਈ ਹੈ, ਇਸ ਦੇ ਬਾਵਜੂਦ ਉਸ ਦੇ ਨਾਮਜ਼ਦਗੀ ਪੱਤਰ ਰੱਦ ਨਹੀਂ ਕੀਤੇ ਗਏ।
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਅਧਿਕਾਰਤ ਉਮੀਦਵਾਰ ਮਨਜੀਤ ਸਿੰਘ ਨੇ ਕਿਹਾ ਕਿ ਨਾਮਜ਼ਦਗੀ ਦਾਖਲ ਕਰਨ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਆਪਣੀ ਵੋਟ ਪਿੰਡ ਹਲਵਾਰਾ ਵਿੱਚ ਤਬਦੀਲ ਕਰਵਾ ਲਈ ਸੀ। ਜਦਕਿ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਵੰਤ ਸਿੰਘ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਨਾਮਜ਼ਦਗੀ ਦੀ ਪੜਤਾਲ ਸਮੇਂ ਵੀ ਮਨਜੀਤ ਸਿੰਘ ਦੀ ਵੋਟ ਰਾਏਕੋਟ ਸ਼ਹਿਰ ਵਿੱਚ ਭਾਗ ਨੰਬਰ 147 ਲੜੀ ਨੰਬਰ 536 ਉਪਰ ਮੌਜੂਦ ਹੈ। ਇਸ ਸਬੰਧੀ ਵਾਰ ਵਾਰ ਫ਼ੋਨ ਕਰਨ ’ਤੇ ਵੀ ਰਿਟਰਨਿੰਗ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਕੋਈ ਉਤਰ ਨਹੀਂ ਦਿੱਤਾ।
