ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੋਜ਼ ਗਾਰਡਨ ਸੁੰਦਰੀਕਰਨ ਪ੍ਰਾਜੈਕਟ: ‘ਆਪ’ ਦੇ ਡਿਪਟੀ ਮੇਅਰ ਟੈਂਡਰ ਤੋਂ ਔਖੇ

ਗਾਰਡਨ ਦੀ ਦੇਖ-ਭਾਲ ਦਾ ਜ਼ਿੰਮਾ ਪ੍ਰਾਈਵੇਟ ਕੰਪਨੀ ਨੂੰ ਦੇਣ ਦੀ ਸਲਾਹ
ਰੋਜ਼ ਗਾਰਡਨ ਦੀ ਬਾਹਰੀ ਝਲਕ।
Advertisement

ਸਨਅਤੀ ਸ਼ਹਿਰ ਦੇ ਨਹਿਰੂ ਰੋਜ਼ ਗਾਰਡਨ ਦੇ ਸੁੰਦਰੀਕਰਨ ਲਈ ਜਾਰੀ ਕੀਤੇ ਗਏ 8.5 ਕਰੋੜ ਰੁਪਏ ਦੇ ਟੈਂਡਰ ’ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ 8.5 ਕਰੋੜ ਰੁਪਏ ਬਰਬਾਦ ਕਰ ਰਹੀ ਹੈ ਜਦਕਿ ਇਸ ਰੋਜ਼ ਗਾਰਡਨ ਨੂੰ ਵੀ ਰੱਖ ਬਾਗ ਵਾਂਗ ਕਿਸੇ ਪ੍ਰਾਈਵੇਟ ਕੰਪਨੀ ਨੂੰ ਸਾਂਭ-ਸੰਭਾਲ ਲਈ ਦੇ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇੰਨੇ ਪੈਸੇ ਇਸ ਰੋਜ਼ ਗਾਰਡਨ ਵਿੱਚ ਲਗਾਉਣ ਨਾਲ ਸਿਰਫ਼ ਪੈਸੇ ਦੀ ਬਰਬਾਦੀ ਹੋਵੇਗੀ। ਸੀਨੀਅਰ ਡਿਪਟੀ ਮੇਅਰ ਪਰਾਸ਼ਰ ਨੇ ਇਸ ਸਬੰਧੀ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੂੰ ਚਿੱਠੀ ਵੀ ਲਿਖੀ ਹੈ। ਜਾਣਕਾਰੀ ਅਨੁਸਾਰ ਰੋਜ਼ ਗਾਰਡਨ ਦੇ ਸੁੰਦਰੀਕਰਨ ਦੇ ਪ੍ਰਾਜੈਕਟ ਦੇ ਬੀਤੇ ਦਿਨੀਂ ਟੈਂਡਰ ਦਿੱਤੇ ਗਏ ਹਨ। ਸੀਨੀਅਰ ਡਿਪਟੀ ਮੇਅਰ ਪਰਾਸ਼ਰ ਨੇ ਕਿਹਾ ਕਿ ਨਗਰ ਨਿਗਮ ਦੀ ਬੀਐਂਡਆਰ ਬਰਾਂਚ ਨੇ ਨਹਿਰੂ ਰੋਜ਼ ਗਾਰਡਨ ਦੀ ਸੁੰਦਰੀਕਰਨ ਪ੍ਰਾਜੈਕਟ ਤਹਿਤ 8.5 ਕਰੋੜ ਰੁਪਏ ਖ਼ਰਚਣ ਦਾ ਟੈਂਡਰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਮੈਂਟੀਨੈਂਸ ਲਈ ਕਿਸੇ ਵੀ ਠੇਕੇਦਾਰ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਗਈ। ਇਸ ਟੈਂਡਰ ਦਾ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਜਿਸ ਦੀ ਅਗਲੀ ਤਾਰੀਕ 15 ਦਸੰਬਰ ਹੈ। ਉਨ੍ਹਾਂ ਕਿਹਾ ਕਿ ਇਹ ਸਬੰਧੀ ਟੈਂਡਰ ਜਾਰੀ ਹੀ ਨਹੀਂ ਹੋਣਾ ਚਾਹੀਦਾ ਸੀ, ਪਰ ਪਤਾ ਨਹੀਂ ਅਫ਼ਸਰਾਂ ਨੂੰ ਕੀ ਜਲਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਇਸ ਪ੍ਰਾਜੈਕਟ ਲਈ ਰੱਖ ਬਾਗ ਦੀ ਤਰ੍ਹਾਂ ਕਿਸੇ ਪ੍ਰਾਈਵੇਟ ਕੰਪਨੀ ਨੂੰ ਮੈਂਟੀਨੈਂਸ ਲਈ ਦੇ ਦਿੱਤੀ ਜਾਣਾ ਚਾਹੀਦਾ ਹੈ। ਰੱਖ ਬਾਗ ਹੀਰੋ ਸਾਈਕਲ ਕੰਪਨੀ ਚਲਾ ਰਹੀ ਹੈ, ਜਿਸ ’ਤੇ ਨਿਗਮ ਕੋਈ ਪੈਸਾ ਨਹੀਂ ਖ਼ਰਚ ਰਿਹਾ। ਉਹ ਬਹੁਤ ਹੀ ਵਧਿਆ ਚੱਲ ਰਿਹਾ ਹੈ।

ਨਿਗਮ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਟੈਂਡਰ ਵਿੱਚ ਬਾਗਬਾਨੀ ਦੇ ਕੰਮ ਲਈ 3.29 ਕਰੋੜ ਰੁਪਏ ਖ਼ਰਚ ਕੀਤੇ ਜਾਣੇ ਹਨ, ਸਿਵਲ ਕੰਮ ਲਈ 1.32 ਕਰੋੜ ਰੁਪਏ, ਬਿਜਲੀ ਤੇ ਲਾਈਟਾਂ ਲਈ 2.5 ਕਰੋੜ ਰੁਪਏ, ਪਾਣੀ ਦੀ ਟੈਂਕੀ 21.40 ਲੱਖ, ਬੱਚਿਆਂ ਦੀ ਖੇਡਣ ਲਈ ਝੂਲਿਆ ’ਤੇ 19.82 ਲੱਖ, ਓਪਨ ਜਿੰਮ ਲਈ 5.67 ਲੱਖਥ, ਪਖਾਨਿਆਂ ਲਈ 32 ਲੱਖ ਤੇ ਹੋਰਨਾਂ ਫੁੱਟਕਲ ਖ਼ਰਚਿਆਂ ਲਈ 4.21 ਲੱਖ ਰਖੇ ਗਏ ਹਨ। ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਨਿਗਮ ਵੱਲੋਂ ਅਗਰ ਕਰੋੜਾਂ ਰੁਪਏ ਖ਼ਰਚ ਕੀਤਾ ਜਾਣਾ ਹੈ ਤਾਂ ਉਸ ਵਿੱਚ ਕਿਸੇ ਠੇਕੇ ਲੈਣ ਵਾਲੀ ਕੰਪਨੀ ਦੀ ਜ਼ਿੰਮੇਵਾਰੀ ਵੀ ਤਾਂ ਤੈਅ ਹੋਣੀ ਚਾਹੀਦੀ ਹੈ। ਕਰੋੜਾਂ ਰੁਪਏ ਝੂਲਿਆਂ ’ਤੇ ਖ਼ਰਚ ਹੋਣੇ ਹਨ, ਉਹ ਛੇ ਮਹੀਨੇ ਵਿੱਚ ਹੀ ਟੁੱਟ ਜਾਣੇ ਹਨ।

Advertisement

Advertisement
Show comments