ਲੁਟੇਰਿਆਂ ਨੇ ਮੋਟਰਸਾਈਕਲ ਸਵਾਰ ਲੁੱਟੇ
ਇੱਥੇ ਕਾਰ ਸਵਾਰਾਂ ਨੇ ਮੋਟਰਸਾਈਕਲ ਸਵਾਰਾਂ ਨੂੰ ਹਥਿਆਰ ਦਿਖਾ ਕੇ ਲੁੱਟ ਲਿਆ। ਪੁਲੀਸ ਵੱਲੋਂ ਛੇ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਲੁੱਟ ਦਾ ਸ਼ਿਕਾਰ ਹੋਏ ਬਲਬੀਰ ਸਿੰਘ ਵਾਸੀ ਜੌਹਲ ਰੋਡ ਰਾਏਕੋਟ ਨੇ ਥਾਣਾ ਸਦਰ ਦੀ ਪੁਲੀਸ ਪਾਸ ਸ਼ਿਕਾਇਤ ਕੀਤੀ ਕਿ ਉਹ ਆਪਣੇ ਮਿੱਤਰ ਹਰਪਾਲ ਸਿੰਘ ਉਰਫ ਹੈਰੀ ਨਾਲ ਕਿਸੇ ਨਿੱਜੀ ਕੰਮ ਨੂੰ ਨਿਪਟਾ ਕੇ ਮੋਟਰਸਾਈਕਲ ’ਤੇ ਜਗਰਾਉਂ ਤੋਂ ਰਾਏਕੋਟ ਜਾ ਰਿਹਾ ਸੀ ਕਿ ਜਦੋਂ ਉਹ ਇਸ ਰੋਡ ਤੇ ਪੈਂਦੇ ਪਿੰਡ ਰੂਮੀ ਦੇ ਖੇਡ ਮੈਦਾਨ ਵਾਲੇ ਗਰਾਊਂਡ ਅੱਗੇ ਦੇਰ ਰਾਤ 11 ਵਜੇ ਦੇ ਕਰੀਬ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਖੜ੍ਹੀ ਕਾਰ ਵਿੱਚੋਂ ਛੇ ਦੇ ਕਰੀਬ ਨੌਜਵਾਨਾਂ ਨੇ ਮੋਟਰਸਾਈਕਲ ਰੋਕ ਲਿਆ। ਉਨ੍ਹਾਂ ਮੋਟਰਸਾਈਕਲ ਦੀ ਚਾਬੀ ਕੱਢ ਲਈ ਅਤੇ ਦੋਵਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿੱਚੋਂ ਇੱਕ ਨੇ ਦਾਹ ਮਾਰਨ ਦਾ ਡਰਾਵਾ ਦੇ ਕੇ ਬਲਬੀਰ ਸਿੰਘ ਦੇ ਪਾਇਆ ਚਾਂਦੀ ਦਾ ਕੜਾ ਉਤਾਰਨ ਲਈ ਕਿਹਾ ਜਦਕਿ ਦੂਸਰੇ ਨੇ ਜੇਬ ਵਿੱਚੋਂ ਮੋਬਾਈਲ ਤੇ ਹੋਰ ਸਾਮਾਨ ਕੱਢ ਲਿਆ ਅਤੇ ਫ਼ਰਾਰ ਹੋ ਗਏ। ਵਾਪਰੀ ਘਟਨਾ ਦੇ ਕਥਿਤ ਦੋਸ਼ੀਆਂ ਤੱਕ ਪਹੁੰਚਣ ਲਈ ਪੁਲੀਸ ਨੇ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ, ਬੌਬੀ ਵਾਸੀ ਪਿੰਡ ਕੋਠੇ ਸ਼ੇਰਜੰਗ (ਜਗਰਾਉਂ), ਬੌਬੀ ਵਾਸੀ ਪਿੰਡ ਕਾਉਂਕੇ ਕਲਾਂ, ਜੱਸ ਵਾਸੀ ਬਿਜਲੀ ਘਰ ਕਲੋਨੀ ਵਜੋਂ ਹੋਈ ਹੈ। ਪੁਲੀਸ ਥਾਣਾ ਸਦਰ ਦੇ ਐੱਸ ਐੱਚ ਓ ਸੁਰਜੀਤ ਸਿੰਘ ਨੇ ਦੱਸਿਆ ਕਿ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਅਜੇ ਦੋ ਹੋਰਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਕਿਹਾ ਕਿ ਸਾਰੇ ਕਥਿਤ ਦੋਸ਼ੀ ਜਲਦੀ ਪੁਲੀਸ ਦੀ ਹਿਰਾਸਤ ਵਿੱਚ ਹੋਣਗੇ।