ਮੀਂਹ ਮਗਰੋਂ ਮਾਡਲ ਟਾਉਣ ਇਲਾਕੇ ਦੀ ਸੜਕ ਧੱਸੀ
ਸਨਅਤੀ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਮਿੰਟ ਘੁਮਰੀ ਚੌਕ ਨੇੜੇ ਸ਼ੁੱਕਰਵਾਰ ਦੇਰ ਰਾਤ ਅਚਾਨਕ ਸੜਕ ਧੱਸ ਗਈ। ਸ਼ੁੱਕਰਵਾਰ ਸ਼ਾਮ ਨੂੰ ਦੋ ਘੰਟੇ ਲਗਾਤਾਰ ਮੀਂਹ ਪੈਣ ਤੋਂ ਬਾਅਦ ਇਹ ਸੜਕ ਧੱਸੀ ਹੈ। ਸੜਕ ਦੇ ਧੱਸਣ ਕਾਰਨ ਲਗਪਗ ਪੰਜ ਤੋਂ ਸੱਤ ਫੁੱਟ ਡੂੰਘਾ ਟੋਆ ਪਿਆ ਹੈ। ਬਚਾਅ ਇਸ ਗੱਲ ਦਾ ਰਿਹਾ ਹੈ ਕਿ ਜਦੋਂ ਸੜਕ ਧੱਸੀ, ਉਸ ਵੇਲੇ ਉੱਥੋਂ ਕੋਈ ਵਾਹਨ ਜਾਂ ਵਿਅਕਤੀ ਨਹੀਂ ਲੰਘ ਰਿਹਾ ਸੀ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਸਥਾਨਕ ਲੋਕਾਂ ਨੇ ਦੋਸ਼ ਲਾਇਆ ਹੈ ਕਿ ਇੱਕ ਨਿੱਜੀ ਕੰਪਨੀ ਵੱਲੋਂ ਪਾਈਪਾਂ ਜ਼ਮੀਨਦੋਜ਼ ਕੀਤੇ ਜਾਣ ਕਾਰਨ ਸੀਵਰੇਜ ਦੀਆਂ ਪਾਈਪਾਂ ਲੀਕ ਹੋ ਰਹੀਆਂ ਹਨ ਤੇ ਸੜਕਾਂ ਧੱਸ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਮਾਡਲ ਟਾਊਨ ਇਲਾਕੇ ਵਿੱਚ ਕਈ ਵਾਰ ਸੜਕ ਧੱਸ ਚੁੱਕੀ ਹੈ। ਜਦੋਂ ਸਵੇਰੇ ਜ਼ਮੀਨ ਖਿਸਕਣ ਦੀ ਖ਼ਬਰ ਸਾਹਮਣੇ ਆਈ ਤਾਂ ਰਾਹਗੀਰਾਂ ਨੇ ਇਸ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਇਲਾਕੇ ਵਿੱਚ ਆਵਾਜਾਈ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪਇਆ। ਵਾਹਨ ਚਾਲਕਾਂ ਨੂੰ ਇੱਧਰ-ਉੱਧਰ ਦੂਜੀਆਂ ਸੜਕਾਂ ਤੋਂ ਜਾਣਾ ਪਇਆ। ਇਹ ਮਾਡਲ ਟਾਉਣ ਦੀ ਮੁੱਖ ਸੜਕ ਹੈ।
ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਇਲਾਕੇ ਵਿੱਚ ਸੜਕ ਧੱਸਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕੀਤਾ ਹੈ ਪਰ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਲੱਭਿਆ ਜਾ ਰਿਹਾ ਹੈ। ਬੀਤੀ ਦੇਰ ਰਾਤ ਸੜਕ ਧੱਸੀ ਸੀ, ਲੋਕਾਂ ਨੇ ਉਥੇ ਪੁਲੀਸ ਦੀ ਬੈਰੀਕੇਡ ਲਗਾ ਕੇ ਟੋਇਆ ਵਿੱਚ ਵਾਹਨਾਂ ਨੂੰ ਡਿੱਗਣ ਤੋਂ ਬਚਾਇਆ। ਉਹ ਸਵੇਰੇ ਸੈਰ ਲਈ ਨਿਕਲਿਆ ਤਾਂ ਉਨ੍ਹਾਂ ਨੇ ਤੁਰੰਤ ਨਿਗਮ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਨਿਗਮ ਦੇ ਸੀਨੀਅਰ ਅਧਿਕਾਰੀਆਂ ਅਤੇ ਕੌਂਸਲਰਾਂ ਨੂੰ ਸੂਚਿਤ ਕੀਤਾ ਗਿਆ ਤਾਂ ਨਿਗਮ ਅਧਿਕਾਰੀ ਮੌਕੇ ’ਤੇ ਦੇਖਣ ਲਈ ਆਏ। ਅਰਵਿੰਦ ਨੇ ਕਿਹਾ ਕਿ ਜਦੋਂ ਨਿੱਜੀ ਇੰਟਰਨੈੱਟ ਕੰਪਨੀਆਂ ਆਦਿ ਇਲਾਕੇ ਵਿੱਚ ਵਾਇਰਿੰਗ ਦਾ ਕੰਮ ਕਰਦੀਆਂ ਹਨ ਤਾਂ ਉਹ ਜ਼ਮੀਨ ’ਤੇ ਡਰਿੱਲ ਮਸ਼ੀਨ ਚਲਾਉਂਦੇ ਸਮੇਂ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਵਿੱਚ ਲੀਕੇਜ ਪੈਦਾ ਕਰਦੀਆਂ ਹਨ, ਜਿਸ ਤੋਂ ਬਾਅਦ ਕੋਈ ਵੀ ਅਧਿਕਾਰੀ ਇਸ ਵੱਲ ਧਿਆਨ ਨਹੀਂ ਦਿੰਦਾ। ਇਸ ਕਾਰਨ ਮਾਡਲ ਟਾਊਨ ਇਲਾਕੇ ਵਿੱਚ ਕਈ ਥਾਵਾਂ ’ਤੇ ਅਕਸਰ ਜ਼ਮੀਨ ਧੱਸਦੀ ਰਹਿੰਦੀ ਹੈ। ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਲੀਕੇਜ ਪਾਈਪਾਂ ਦੀ ਮੁਰੰਮਤ ਕੀਤੀ ਜਾਵੇ।